ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦੇ 3 ਲੋਕ ਸ਼ਾਮਲ, ਜਾਣੋ ਵੇਰਵਾ

Monday, Jul 31, 2023 - 04:57 PM (IST)

ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਭਾਰਤੀ ਮੂਲ ਦੇ 3 ਲੋਕ ਸ਼ਾਮਲ, ਜਾਣੋ ਵੇਰਵਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿੱਚ ਅਗਲੇ ਸਾਲ ਮਤਲਬ 2024 ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਵਿਚਾਲੇ ਪਹਿਲਾਂ ਤੋਂ ਹੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਸਮੇਤ 14 ਉਮੀਦਵਾਰ ਰਾਸ਼ਟਰ ਪ੍ਰਮੁੱਖ ਬਣਨ ਦੀ ਦੌੜ ਵਿਚ ਸ਼ਾਮਲ ਹਨ। ਹਾਲਾਂਕਿ ਇਸ ਦੌਰਾਨ ਇਸ ਅਹੁਦੇ ਲਈ ਕੁਝ ਭਾਰਤੀ-ਅਮਰੀਕੀ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜੋ ਅਮਰੀਕਾ ਨੂੰ ਬਿਹਤਰ ਬਣਾਉਣ ਲਈ ਟਰੰਪ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਵਿਵੇਕ ਰਾਮਾਸਵਾਮੀ, ਨਿੱਕੀ ਹੇਲੀ ਅਤੇ ਹਰਸ਼ਵਰਧਨ ਸਿੰਘ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੋਣ ਲੜਨਗੇ। ਹਾਲਾਂਕਿ ਸਾਰੀਆਂ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਟਰੰਪ 2024 ਲਈ ਰਿਪਬਲਿਕਨ ਪਾਰਟੀ ਦੇ ਨਾਮਜ਼ਦਗੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਰਿਪਬਲਿਕਨ ਆਪਣੀ ਪਾਰਟੀ ਦੇ ਅਗਲੇ ਰਾਸ਼ਟਰਪਤੀ ਉਮੀਦਵਾਰ ਦੀ ਰਸਮੀ ਤੌਰ 'ਤੇ ਚੋਣ ਕਰਨ ਲਈ ਅਗਲੇ ਜੁਲਾਈ ਵਿੱਚ ਇੱਕ ਰਾਸ਼ਟਰੀ ਸੰਮੇਲਨ ਕਰਨਗੇ। ਇਹ ਸੰਮੇਲਨ 15 ਤੋਂ 18 ਜੁਲਾਈ ਤੱਕ ਮਿਲਵਾਕੀ, ਵਿਸਕਾਨਸਿਨ ਵਿੱਚ ਹੋਵੇਗਾ।

ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵਾ ਕਰਨ ਵਾਲਿਆਂ ਬਾਰੇ ਜਾਣਨ ਲਈ ਕੁਝ ਖਾਸ ਗੱਲਾਂ-

ਨਿੱਕੀ ਹੈਲੀ : ਤੀਜੀ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਲੜਨ ਵਾਲੀ ਤੀਜੀ ਭਾਰਤੀ-ਅਮਰੀਕੀ

ਭਾਰਤੀ ਮੂਲ ਦੀ ਰਿਪਬਲਿਕਨ ਨੇਤਾ ਨਿੱਕੀ ਹੈਲੀ ਦੋ ਵਾਰ ਦੱਖਣੀ ਕੈਰੋਲੀਨਾ ਦੀ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਰਹਿ ਚੁੱਕੀ ਹੈ। ਨਿੱਕੀ ਹੇਲੀ ਲਗਾਤਾਰ ਤਿੰਨ ਚੋਣਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਵਾਲੀ ਤੀਜੀ ਭਾਰਤੀ-ਅਮਰੀਕੀ ਹੈ। ਇਸ ਤੋਂ ਪਹਿਲਾਂ ਬੌਬੀ ਜਿੰਦਲ 2016 ਵਿੱਚ ਅਮਰੀਕੀ ਰਾਸ਼ਟਰਪਤੀ ਅਤੇ 2020 ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਚੋਣ ਵਿੱਚ ਹਿੱਸਾ ਲੈ ਚੁੱਕੇ ਹਨ। ਭਾਵੇਂ ਜ਼ਿਆਦਾਤਰ ਸਰਵੇਖਣਾਂ ਵਿੱਚ 51 ਸਾਲਾ ਹੈਲੀ ਦਾ ਘੱਟ ਪ੍ਰਦਰਸ਼ਨ ਦੱਸਿਆ ਗਿਆ ਹੈ, ਪਰ ਜਦੋਂ ਦਾਨ ਦੀ ਗੱਲ ਆਉਂਦੀ ਹੈ ਤਾਂ ਉਸਨੇ ਕਈ ਮਿਲੀਅਨ ਡਾਲਰ ਇਕੱਠੇ ਕੀਤੇ ਹਨ।  ਹੈਲੀ ਦਾ ਸਮਰਥਨ ਕਰਨ ਵਾਲੀ ਇੱਕ ਸੁਪਰ PAC, ਸਟੈਂਡ ਫਾਰ ਅਮੇਰਿਕਾ ਫੰਡ ਇੰਕ. ਨੇ ਅਪ੍ਰੈਲ ਤੋਂ ਜੂਨ ਤੱਕ 18.7 ਮਿਲੀਅਨ ਡਾਲਰ ਇਕੱਠੇ ਕੀਤੇ, ਜਿਸ ਨਾਲ ਉਨ੍ਹਾਂ ਦੀ ਕੁੱਲ ਰਾਸੀ 26 ਮਿਲੀਅਨ ਼਼ਡਾਲਰ ਹੋ ਗਈ । ਇੰਨਾ ਹੀ ਨਹੀਂ ਹੈਲੀ ਨੂੰ ਅਰਬਪਤੀਆਂ ਕੇਨੇਥ ਲੈਂਗੋਨ, ਐਲਿਸ ਵਾਲਟਨ ਅਤੇ ਕੇਨੇਥ ਫਿਸ਼ਰ ਸਮੇਤ ਕੁਝ ਅਮੀਰ GOP ਦਾਨੀਆਂ ਤੋਂ ਵੀ ਸਮਰਥਨ ਮਿਲਿਆ ਹੈ। ਇਨ੍ਹਾਂ ਲੋਕਾਂ ਨੇ 6,600 ਡਾਲਰ ਦਾਨ ਕੀਤੇ।

ਹੇਲੀ ਦਾ ਜਨਮ ਸਿੱਖ ਮਾਤਾ-ਪਿਤਾ ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਦੇ ਘਰ ਹੋਇਆ ਸੀ, ਜੋ 1960 ਦੇ ਦਹਾਕੇ ਵਿੱਚ ਪੰਜਾਬ ਤੋਂ ਕੈਨੇਡਾ ਅਤੇ ਫਿਰ ਅਮਰੀਕਾ ਚਲੇ ਗਏ ਸਨ। 39 ਸਾਲ ਦੀ ਉਮਰ ਵਿੱਚ ਜਦੋਂ ਉਸਨੇ ਜਨਵਰੀ 2011 ਵਿੱਚ ਅਹੁਦਾ ਸੰਭਾਲਿਆ ਸੀ, ਤਾਂ ਉਹ ਅਮਰੀਕਾ ਵਿੱਚ ਸਭ ਤੋਂ ਘੱਟ ਉਮਰ ਦੀ ਗਵਰਨਰ ਸੀ ਅਤੇ ਦੱਖਣੀ ਕੈਰੋਲੀਨਾ ਦੀ ਪਹਿਲੀ ਮਹਿਲਾ ਗਵਰਨਰ ਵਜੋਂ ਇਤਿਹਾਸ ਰਚਿਆ ਸੀ। ਉਹ ਰਾਜ ਦੀ ਪਹਿਲੀ ਭਾਰਤੀ-ਅਮਰੀਕੀ ਗਵਰਨਰ ਸੀ ਅਤੇ ਇਸ ਅਹੁਦੇ 'ਤੇ ਦੋ ਵਾਰ ਸੇਵਾ ਕੀਤੀ। ਜਨਵਰੀ 2017 ਤੋਂ ਦਸੰਬਰ 2018 ਤੱਕ ਉਸਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ 29ਵੇਂ ਰਾਜਦੂਤ ਵਜੋਂ ਸੇਵਾ ਨਿਭਾਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰਾਂ ਦੀ ਬਾਈਡੇਨ ਪ੍ਰਸ਼ਾਸਨ ਨੂੰ ਅਪੀਲ, ਗ੍ਰੀਨ ਕਾਰਡ ਲਈ ਭਾਰਤੀ ਬਿਨੈਕਾਰਾਂ ਨੂੰ ਦਿੱਤੀ ਜਾਵੇ ਪਹਿਲ

ਵਿਵੇਕ ਰਾਮਾਸਵਾਮੀ : ਸਾਬਕਾ ਫਾਰਮਾ ਕਾਰੋਬਾਰੀ

ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਫਰਵਰੀ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਉਹ ਇੱਕ ਬਾਹਰੀ ਵਿਅਕਤੀ ਵਜੋਂ ਰਿਪਬਲਿਕਨ ਪਾਰਟੀ ਵਿੱਚ ਦਾਖਲ ਹੋਇਆ ਸੀ, ਪਰ ਹੁਣ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ 'ਤੇ ਆ ਗਿਆ ਹੈ। ਸਿਹਤ ਸੰਭਾਲ ਅਤੇ ਤਕਨਾਲੋਜੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੂੰ ਰਿਪਬਲਿਕਨ ਪਾਰਟੀ ਦੇ 9 ਫੀਸਦੀ ਨੇਤਾਵਾਂ ਦਾ ਸਮਰਥਨ ਹਾਸਲ ਹੈ। ਇਸ ਦੇ ਨਾਲ ਹੀ ਟਰੰਪ ਨੂੰ 47 ਫੀਸਦੀ ਵੋਟ ਮਿਲੇ, ਜੋ ਡੀਸੈਂਟਿਸ ਦੇ 19 ਫੀਸਦੀ ਤੋਂ ਕਿਤੇ ਜ਼ਿਆਦਾ ਹਨ। ਰਾਮਾਸਵਾਮੀ ਦਾ ਜਨਮ ਸਿਨਸਿਨਾਟੀ, ਓਹੀਓ, ਅਮਰੀਕਾ ਵਿੱਚ ਹੋਇਆ ਸੀ। 

ਉਸਦੇ ਮਾਤਾ-ਪਿਤਾ ਕੇਰਲ ਦੇ ਪਲੱਕੜ ਤੋਂ ਅਮਰੀਕਾ ਚਲੇ ਗਏ ਸਨ। ਉਸ ਦੇ ਪਿਤਾ ਦਾ ਨਾਂ ਗਣਪਤੀ ਰਾਮਾਸਵਾਮੀ ਹੈ, ਜੋ ਕਿ ਪੇਸ਼ੇ ਤੋਂ ਇੰਜੀਨੀਅਰ ਸੀ। ਉਸਦੀ ਮਾਂ ਗੀਤਾ ਰਾਮਾਸਵਾਮੀ ਪੇਸ਼ੇ ਤੋਂ ਇੱਕ ਮਨੋਵਿਗਿਆਨੀ ਸੀ। ਵਿਵੇਕ ਦੀ ਪਤਨੀ ਅਪੂਰਵਾ ਤਿਵਾਰੀ ਓਹੀਓ ਸਟੇਟ ਯੂਨੀਵਰਸਿਟੀ ਦੇ ਵੇਕਸਨਰ ਮੈਡੀਕਲ ਸੈਂਟਰ ਵਿੱਚ ਇੱਕ ਸਹਾਇਕ ਪ੍ਰੋਫੈਸਰ ਅਤੇ ਸਰਜਨ ਹੈ। 37 ਸਾਲਾ ਰਾਮਾਸਵਾਮੀ ਦਵਾਈਆਂ ਲਈ ਚੀਨ 'ਤੇ ਨਿਰਭਰਤਾ ਖ਼ਤਮ ਕਰਨ ਦੇ ਵਾਅਦੇ 'ਤੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਹਨ। ਜੇਕਰ ਅਸੀਂ ਉਸਦੀ ਕਮਾਈ ਦੀ ਗੱਲ ਕਰੀਏ ਤਾਂ ਉਸਨੇ ਦੂਜੀ ਤਿਮਾਹੀ ਵਿੱਚ 7.7 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜਿਸ ਵਿੱਚ 5.4 ਮਿਲੀਅਨ ਡਾਲਰ ਵੀ ਸ਼ਾਮਲ ਹਨ। ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ, ਉਹ ਹੁਣ ਤੱਕ 16 ਮਿਲੀਅਨ ਡਾਲਰ ਪਾ ਚੁੱਕਾ ਹੈ।

ਹਰਸ਼ਵਰਧਨ ਸਿੰਘ : ਏਰੋਸਪੇਸ ਇੰਜੀਨੀਅਰ

ਭਾਰਤਵੰਸ਼ੀ ਹਰਸ਼ਵਰਧਨ ਸਿੰਘ ਵੀ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਏਰੋਸਪੇਸ ਇੰਜੀਨੀਅਰ ਹਰਸ਼ ਵਰਧਨ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਸਾਰੀ ਉਮਰ ਰਿਪਬਲਿਕਨ ਰਹੇ। ਉਸਨੇ ਹਮੇਸ਼ਾ ਅਮਰੀਕਾ ਫਸਟ ਦੀ ਨੀਤੀ ਤਹਿਤ ਕੰਮ ਕੀਤਾ। ਉਹ ਰੂੜੀਵਾਦੀ ਹਨ। ਸਿੰਘ ਨੇ ਰਿਪਬਲਿਕਨ ਪਾਰਟੀ ਲਈ ਨਿਊ ਜਰਸੀ ਵਿੱਚ ਆਪਣੇ ਕੰਜ਼ਰਵੇਟਿਵ ਵਿੰਗ ਨੂੰ ਬਹਾਲ ਕਰਨ ਲਈ ਕੰਮ ਕੀਤਾ। ਟੈਕ ਅਤੇ ਫਾਰਮਾ ਕੰਪਨੀਆਂ ਦੇ ਭ੍ਰਿਸ਼ਟਾਚਾਰ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਆਜ਼ਾਦੀ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਵੀਡੀਓ 'ਚ ਸਿੰਘ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਕਾਫੀ ਬਦਲਾਅ ਹੋਏ ਹਨ। ਇਸ ਲਈ ਤਬਦੀਲੀਆਂ ਨੂੰ ਉਲਟਾਉਣ ਅਤੇ ਅਮਰੀਕੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਮਜ਼ਬੂਤ ​​ਲੀਡਰਸ਼ਿਪ ਦੀ ਲੋੜ ਹੈ। ਇਸ ਕਰਕੇ ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਟਰੰਪ ਸਮੇਤ ਰਿਪਬਲਿਕਨ ਪਾਰਟੀ ਦੇ ਕਰੀਬ ਇੱਕ ਦਰਜਨ ਦਾਅਵੇਦਾਰ ਹਨ। ਰਿਪੋਰਟ ਵਿੱਚ ਕਿਹਾ ਗਿਆ ਕਿ ਸਿੰਘ ਨੇ 2017 ਅਤੇ 2021 ਵਿੱਚ ਨਿਊ ਜਰਸੀ ਦੇ ਗਵਰਨਰਸ਼ਿਪ ਲਈ, 2018 ਵਿੱਚ ਪ੍ਰਤੀਨਿਧੀ ਸਭਾ ਦੀ ਇੱਕ ਸੀਟ ਲਈ ਅਤੇ 2020 ਵਿੱਚ ਰਿਪਬਲਿਕਨ ਪ੍ਰਾਇਮਰੀਜ਼ ਵਿੱਚ ਸੈਨੇਟ ਲਈ ਚੋਣ ਲੜੀ, ਪਰ ਰਿਪਬਲਿਕਨ ਨਾਮਜ਼ਦਗੀ ਜਿੱਤਣ ਵਿੱਚ ਅਸਫਲ ਰਹੇ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਔਰਤ ਨੇ ਲਿਆ ਚੈਲੇਂਜ, ਪੀ ਲਿਆ ਇੰਨਾ ਪਾਣੀ ਕਿ ਪਹੁੰਚੀ ਹਸਪਤਾਲ

ਲੋਕਪ੍ਰਿਅਤਾ ਦੇ ਮਾਮਲੇ ਵਿਚ ਟਰੰਪ ਅੱਗੇ

ਕੋਰਟ ਕੇਸਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਟਰੰਪ ਰਿਪਬਲਿਕਨਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿਚ ਅੱਗੇ ਚੱਲ ਰਹੇ ਹਨ-
ਡੋਨਾਲਡ ਟਰੰਪ           59%
ਰੌਨ ਡੀਸੈਟਿਸ            16%
ਵਿਵੇਕ ਰਾਮਾਸਵਾਮੀ     8%
ਮਾਈਕ ਪੇਂਸ              6%
ਨਿੱਕੀ ਹੈਲੀ              4%
ਟਿਮ ਸਕਾਟ             2%
ਡਗ ਬਰਗਮ            1%
ਆਸਾ ਹਚਿਨਸਨ       1%
ਲੈਰੀ ਐਲਡਰ           1%
ਪੈਰੀ ਜਾਨਸਨ           1%
ਫਰਾਂਸਿਸ ਸੁਆਰੇਜ਼       1%
ਰਿਆਨ ਵਿਕਲੇ         0%
ਬਿਲ ਹਾਰਡ             0%
ਹਰਸ਼ਵਰਧਨ ਸਿੰਘ         -

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News