ਰੂਸ ਵੱਲੋਂ ਲੜ ਰਹੇ ਭਾਰਤੀ ਵਿਦਿਆਰਥੀ ਨੇ ਯੂਕ੍ਰੇਨ ’ਚ ਕੀਤਾ ਆਤਮਸਮਰਪਣ
Tuesday, Oct 07, 2025 - 11:54 PM (IST)

ਕੀਵ- ਰੂਸ ਵੱਲੋਂ ਲੜ ਰਹੇ 22 ਸਾਲਾ ਭਾਰਤੀ ਵਿਦਿਆਰਥੀ ਮਜੋਤੀ ਸਾਹਿਲ ਮੁਹੰਮਦ ਹੁਸੈਨ ਨੇ ਯੂਕ੍ਰੇਨ ’ਚ ਆਤਮਸਮਰਪਣ ਕਰ ਦਿੱਤਾ ਹੈ। ਉਹ ਗੁਜਰਾਤ ਦੇ ਮੋਰਬੀ ਦਾ ਰਹਿਣ ਵਾਲਾ ਹੈ ਅਤੇ ਪੜ੍ਹਾਈ ਕਰਨ ਲਈ ਰੂਸ ਗਿਆ ਸੀ।
ਯੂਕ੍ਰੇਨ ਦੀ 63ਵੀਂ ਮਕੈਨਾਈਜ਼ਡ ਬ੍ਰਿਗੇਡ ਨੇ ਮੰਗਲਵਾਰ ਇਕ ਵੀਡੀਓ ਜਾਰੀ ਕੀਤਾ ਜਿਸ ’ਚ ਕਿਹਾ ਗਿਆ ਕਿ ਮਜੋਤੀ ਨੂੰ ਨਸ਼ੀਲੀਆਂ ਵਸਤਾਂ ਨਾਲ ਸਬੰਧਤ ਅਪਰਾਧਾਂ ਲਈ ਰੂਸ ’ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ ਜਾਣ ਤੋਂ ਬਚਣ ਲਈ ਉਸ ਨੂੰ ਰੂਸੀ ਫੌਜ ’ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ। ਉਸ ਨੇ ਵੀਡੀਓ ’ਚ ਕਿਹਾ ਕਿ ਉਹ ਜੇਲ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਰੂਸੀ ਫੌਜ ਨਾਲ ਇਕਰਾਰਨਾਮੇ ’ਤੇ ਦਸਤਖਤ ਕੀਤੇ।
ਉਸ ਨੂੰ ਸਿਰਫ਼ 16 ਦਿਨਾਂ ਦੀ ਸਿਖਲਾਈ ਮਿਲੀ ਤੇ ਪਹਿਲੀ ਵਾਰ 1 ਅਕਤੂਬਰ ਨੂੰ ਲੜਾਈ ’ਚ ਭੇਜਿਆ ਗਿਆ। ਤਿੰਨ ਦਿਨ ਬਾਅਦ ਆਪਣੇ ਕਮਾਂਡਰ ਨਾਲ ਝਗੜੇ ਤੋਂ ਬਾਅਦ ਉਸ ਨੇ ਯੂਕ੍ਰੇਨੀ ਫੌਜ ਅੱਗੇ ਆਤਮਸਮਰਪਣ ਕਰ ਦਿੱਤਾ।
ਉਸ ਨੇ ਕਿਹਾ ਕਿ ਮੈਂ ਆਪਣੇ ਹਥਿਆਰ ਸੁੱਟ ਦਿੱਤੇ ਤੇ ਕਿਹਾ ਕਿ ਮੈਂ ਲੜਨਾ ਨਹੀਂ ਚਾਹੁੰਦਾ, ਮੈਨੂੰ ਮਦਦ ਦੀ ਲੋੜ ਹੈ। ਉਸ ਨੇ ਇਹ ਸਭ ਰੂਸੀ ਭਾਸ਼ਾ ਵਿੱਚ ਕਿਹਾ।
ਰੂਸ ਵਾਪਸ ਨਹੀਂ ਆਉਣਾ ਚਾਹੁੰਦਾ
ਮਜੋਤੀ ਨੇ ਕਿਹਾ ਕਿ ਉਹ ਰੂਸ ਵਾਪਸ ਨਹੀਂ ਜਾਣਾ ਚਾਹੁੰਦਾ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਫੌਜ ’ਚ ਭਰਤੀ ਹੋਣ ਲਈ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕੁਝ ਨਹੀਂ ਮਿਲਿਆ। ਯੂਕ੍ਰੇਨ ਨੇ ਰੂਸ ਵੱਲੋਂ ਲੜ ਰਹੇ ਕਈ ਵਿਦੇਸ਼ੀ ਫੌਜੀਆਂ ਨੂੰ ਫੜ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰੂਸ ਨੇ ਭਾਰਤ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਨੌਕਰੀਆਂ ਜਾਂ ਸਿੱਖਿਆ ਦਾ ਲਾਲਚ ਦੇ ਕੇ ਫੌਜ ’ਚ ਭਰਤੀ ਕੀਤਾ।
ਪਿਛਲੇ ਮਹੀਨੇ ਭਾਰਤ ਸਰਕਾਰ ਨੇ ਰੂਸ ਨੂੰ ਕਿਹਾ ਸੀ ਕਿ ਉਹ ਆਪਣੀ ਫੌਜ ’ਚ ਭਾਰਤੀਆਂ ਦੀ ਭਰਤੀ ਬੰਦ ਕਰੇ। ਨਾਲ ਹੀ ਇਹ ਵੀ ਮੰਗ ਕੀਤੀ ਸੀ ਕਿ ਫੌਜ ’ਚ ਪਹਿਲਾਂ ਤੋਂ ਹੀ ਭਰਤੀ ਹੋਏ ਭਾਰਤੀ ਨਾਗਰਿਕਾਂ ਨੂੰ ਰਿਹਾਅ ਕੀਤਾ ਜਾਵੇ। ਯੂਕ੍ਰੇਨ ’ਚ ਰੂਸ ਦੇ ਹੱਕ ’ਚ ਲੜ ਰਹੇ 12 ਭਾਰਤੀਆਂ ਦੀ ਮੌਤ ਹੋ ਗਈ ਹੈ। ਹੁਣ ਤੱਕ ਰੂਸੀ ਫੌਜ ’ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦੇ 126 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ’ਚੋਂ 96 ਭਾਰਤ ਵਾਪਸ ਆ ਗਏ ਹਨ। ਰੂਸ ’ਚ ਅਜੇ ਵੀ 18 ਭਾਰਤੀ ਨਾਗਰਿਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।