ਕਸੂਤੇ ਫ਼ਸੇ Study Visa 'ਤੇ ਰੂਸ ਗਏ ਭਾਰਤੀ ਨੌਜਵਾਨ ! ਚਿੰਤਾ 'ਚ ਡੁੱਬੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ
Sunday, Nov 23, 2025 - 02:09 PM (IST)
ਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਦੌਰਾਨ ਜਿੱਥੇ ਪੜ੍ਹਾਈ ਜਾਂ ਰੁਜ਼ਗਾਰ ਦੀ ਤਲਾਸ਼ 'ਚ ਗਏ ਨੌਜਵਾਨਾਂ ਨੂੰ ਰੂਸ ਜ਼ਬਰਦਸਤੀ ਜੰਗ ਦੇ ਮੈਦਾਨ 'ਚ ਧੱਕਦਾ ਰਿਹਾ ਹੈ ਤਾਂ ਇਸ ਮਾਮਲੇ 'ਚ ਭਾਰਤ ਸਰਕਾਰ ਨੇ ਭਾਰਤੀ ਨੌਜਵਾਨਾਂ ਨੂੰ ਵਾਪਸ ਕਰਨ ਦੀ ਅਪੀਲ ਵੀ ਕੀਤੀ ਸੀ।
ਪਰ ਇਸ ਦੇ ਬਾਵਜੂਦ ਰੂਸ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਟੱਡੀ ਵੀਜ਼ਾ 'ਤੇ ਰੂਸ ਗਏ ਹਰਿਆਣਾ ਦੇ 50 ਤੋਂ ਵੱਧ ਨੌਜਵਾਨਾਂ ਨੂੰ ਜ਼ਬਰਦਸਤੀ ਰੂਸੀ ਸੈਨਾ ਵਿੱਚ ਭਰਤੀ ਕਰਕੇ ਯੂਕ੍ਰੇਨ ਦੀ ਜੰਗ ਵਿੱਚ ਧੱਕ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਹਰਿਆਣਾ ਦੇ 50 ਤੋਂ ਵੱਧ ਨੌਜਵਾਨਾਂ ਨੂੰ ਰੂਸ ਨੇ ਆਰਮੀ ਵਿੱਚ ਭਰਤੀ ਕਰ ਕੇ ਯੂਕ੍ਰੇਨ ਖ਼ਿਲਾਫ਼ ਜੰਗ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਵੀਜ਼ਾ ਖਤਮ ਹੋਣ 'ਤੇ ਜਾਂ ਏਜੰਟਾਂ ਦੁਆਰਾ ਲੱਖਾਂ ਰੁਪਏ ਦਾ ਲਾਲਚ ਦੇ ਕੇ ਭਰਤੀ ਕਰਵਾਇਆ ਗਿਆ ਸੀ।
ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਿਰਫ਼ 10 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਉਨ੍ਹਾਂ ਨੂੰ ਤੁਰੰਤ ਯੂਕ੍ਰੇਨ ਜੰਗ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਉਨ੍ਹਾਂ ਦੀ ਇਨ੍ਹਾਂ ਨੌਜਵਾਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਚਿੰਤਾ ਹੋ ਰਹੀ ਹੈ।
ਭਾਰਤ ਸਰਕਾਰ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਪਰਿਵਾਰਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ 5 ਦਸੰਬਰ ਨੂੰ ਦਿੱਲੀ ਆ ਰਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਸ ਮਾਮਲੇ ਵਿੱਚ ਮੁਲਾਕਾਤ ਕਰਨਗੇ ਤੇ ਆਪਣੇ ਬੱਚਿਆਂ ਦੀ ਵਾਪਸੀ ਦੀ ਗੁਹਾਰ ਲਗਾਉਣਗੇ।
