ਆਪਣੀ ਇਕ ਫੇਸਬੁੱਕ ਪੋਸਟ ਕਾਰਨ ਭਾਰਤੀ ਨੂੰ ਗੁਆਉਣੀ ਪਈ ਨੌਕਰੀ ਤੇ ਮਿਲੀ ਚਿਤਾਵਨੀ
Wednesday, Oct 24, 2018 - 03:32 PM (IST)

ਸਿੰਗਾਪੁਰ— ਸਿੰਗਾਪੁਰ 'ਚ ਇਕ ਭਾਰਤੀ ਵਿਅਕਤੀ ਨੂੰ ਫੇਸਬੁੱਕ 'ਤੇ ਦੇਸ਼ ਦੇ ਫਟੇ ਹੋਏ ਝੰਡੇ ਦੀ ਤਸਵੀਰ ਪੋਸਟ ਕਰਨ ਨਾ ਸਿਰਫ ਆਪਣੀ ਨੌਕਰੀ ਗੁਆਉਣੀ ਪਈ ਬਲਕਿ ਇਸ ਪੋਸਟ ਲਈ ਇਥੋਂ ਦੀ ਪੁਲਸ ਨੇ ਉਸ ਨੂੰ ਸਖਤ ਚਿਤਾਵਨੀ ਵੀ ਦਿੱਤੀ। ਬੁੱਧਵਾਰ ਨੂੰ ਆਈ ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।
14 ਅਗਸਤ ਨੂੰ ਹੋਈ ਇਸ ਘਟਨਾ ਨੂੰ ਲੈ ਕੇ ਸਿੰਗਾਪੁਰ ਦੇ ਡੀ.ਬੀ.ਐੱਸ. ਬੈਂਕ 'ਚ ਕੰਮ ਕਰਨ ਵਾਲੇ 44 ਸਾਲਾ ਅਭਿਜੀਤ ਦਾਸ ਦੀ ਨੌਕਰੀ ਚਲੀ ਗਈ। ਜ਼ਿਕਰਯੋਗ ਹੈ ਕਿ ਦਾਸ ਨੇ 'ਸਿੰਗਾਪੁਰ ਇੰਡੀਅਨਸ ਐਂਡ ਐਕਸਪਰਟਸ' ਨਾਂ ਦੇ ਸਮੂਹ ਦੇ ਫੇਸਬੁੱਕ ਪੇਜ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਇਕ ਟੀ-ਸ਼ਰਟ 'ਤੇ ਸਿੰਗਾਪੁਰ ਦੇ ਝੰਡੇ ਨੂੰ ਫਟਿਆ ਹੋਇਆ ਦਿਖਾਇਆ ਗਿਆ ਸੀ ਤਾਂ ਕਿ ਭਾਰਤੀ ਝੰਡਾ ਦਿਖ ਸਕੇ। ਪੁਲਸ ਦੇ ਹਵਾਲੇ ਨਾਲ ਸਿੰਗਾਪੁਰ ਦੇ ਇਕ ਨਿਊਜ਼ ਚੈਨਲ ਨੇ ਕਿਹਾ ਕਿ ਜਾਂਚ ਤੋਂ ਬਾਅਦ ਅਟਾਰਨੀ ਜਨਰਲ ਦੇ ਚੈਂਬਰਸ ਨਾਲ ਸਲਾਹ ਨਾਲ ਪੁਲਸ ਨੇ ਉਸ ਨੂੰ ਸਖਤ ਚਿਤਾਵਨੀ ਦਿੱਤੀ ਹੈ। ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਭਾਰਤੀ ਤੋਂ 'ਸਿੰਗਾਪੁਰ ਆਰਮਸ ਐਂਡ ਫਲੈਗ ਐਂਡ ਨੈਸ਼ਨਲ ਐਂਥਮ ਰੂਲਸ' ਦੇ ਤਹਿਤ ਪੁੱਛਗਿੱਛ ਕੀਤੀ ਗਈ ਹੈ ਤੇ ਕੋਈ ਵੀ ਵਿਅਕਤੀ ਰਾਸ਼ਟਰੀ ਝੰਡੇ ਦੀ ਨਿਰਾਦਰ ਨਹੀਂ ਕਰੇਗਾ। ਰਿਪੋਰਟ ਮੁਤਾਬਕ ਫੇਸਬੁੱਕ ਪੋਸਟ ਨੂੰ ਲੈ ਕੇ ਪੁਲਸ ਦੀ ਰਿਪੋਰਟ ਆਉਣ ਤੋਂ ਦੋ ਮਹੀਨੇ ਬਾਅਦ ਤਿੰਨ ਅਕਤੂਬਰ ਨੂੰ ਉਸ ਨੂੰ ਚਿਤਾਵਨੀ ਜਾਰੀ ਕੀਤੀ ਗਈ ਸੀ। ਦਾਸ 9 ਸਾਲਾ ਤੋਂ ਸਿੰਗਾਪੁਰ 'ਚ ਰਹਿ ਰਿਹਾ ਹੈ। ਉਸ ਦੇ ਨਾਲ ਉਸ ਦੀ ਪਤਨੀ ਤੇ ਦੋ ਬੱਚੇ ਵੀ ਹਨ।
ਕੁਝ ਲੋਕਾਂ ਨੇ ਉਸ ਪੋਸਟ ਨੂੰ ਸਿੰਗਾਪੁਰ ਲਈ ਅਪਮਾਨਜਨਕ ਦੱਸਿਆ ਸੀ। ਜ਼ਿਕਰਯੋਗ ਹੈ ਕਿ ਉਸ ਘਟਨਾ ਤੋਂ ਬਾਅਦ ਡੀ.ਬੀ.ਐੱਸ. ਬੈਂਕ ਨੇ ਆਪਣੀ ਅੰਦਰੂਨੀ ਜਾਂਚ ਤੋਂ ਬਾਅਦ ਕਾਰਵਾਈ ਕਰਦਿਆਂ ਦਾਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹ ਅਜੇ ਬੇਰੁਜ਼ਗਾਰ ਹਨ।