ਪਾਕਿ 'ਚ ਭਾਰਤੀ ਹਾਈ ਕਮਿਸ਼ਨਰ ਨੇ ਕੀਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਦੌਰਾ (ਵੀਡੀਓ)

Thursday, Aug 30, 2018 - 11:24 AM (IST)

ਲਾਹੌਰ, ਅੰਮ੍ਰਿਤਸਰ — ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਇਨ੍ਹਾਂ ਖਬਰਾਂ ਵਿਚਾਲੇ ਬੁੱਧਵਾਰ ਨੂੰ ਕਰਤਾਰਪੁਰ ਸਰਹੱਦ ਦਾ ਦੌਰਾ ਕੀਤਾ ਕਿ ਪਾਕਿਸਤਾਨ ਭਾਰਤੀ ਸਿੱਖ ਤੀਰਥ ਯਾਤਰੀਆਂ ਲਈ ਇਸ ਕੋਰੀਡੋਰ ਨੂੰ ਖੋਲ੍ਹ ਸਕਦਾ ਹੈ, ਜਿਸ ਨਾਲ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਦੌਰਾ ਕਰ ਸਕਣ। ਬਿਸਾਰੀਆ ਨੇ ਲਾਹੌਰ ਤੋਂ ਲਗਭਗ 120 ਕਿ. ਮੀ. ਦੂਰ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੀ ਦੌਰਾ ਕੀਤਾ ਜਿਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਅਧਿਕਾਰੀ ਨੇ ਉਨ੍ਹਾਂ ਦੀ ਅਗਵਾਈ ਕੀਤੀ।


ਅਜਿਹੀਆਂ ਖਬਰਾਂ ਹਨ ਕਿ ਸਿੱਖ ਤੀਰਥ ਯਾਤਰੀਆਂ ਲਈ ਕਰਤਾਰਪੁਰ ਸਰਹੱਦ ਨੂੰ ਅਸਥਾਈ ਰੂਪ ਤੋਂ ਖੋਲਣ ਦੇ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਜਲਦ ਗੱਲਬਾਤ ਕਰ ਸਕਦੇ ਹਨ। ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਡੇਰਾ ਬਾਬਾ ਨਾਨਕ ਅਸਥਾਨ ਤੋਂ ਲਗਭਗ 4 ਕਿ. ਮੀ. ਦੂਰ ਰਾਵੀ ਨਦੀ 'ਤੇ ਸਥਿਤ ਹੈ। ਸਿੱਖਾਂ ਦੇ ਪਹਿਲੇ ਗੁਰੂ ਦੇ 550ਵਾਂ ਪ੍ਰਕਾਸ਼ ਦਿਹਾੜਾ ਨਵੰਬਰ 2019 'ਚ ਮਨਾਇਆ ਜਾਵੇਗਾ।


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਦੌਰਾਨ ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਸਰਹੱਦ ਨੂੰ ਅਸਥਾਈ ਰੂਪ ਤੋਂ ਖੋਲਣ ਦੇ ਸੰਕੇਤ ਦਿੱਤੇ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਸਿੱਖ ਤੀਰਥ ਯਾਤਰੀਆਂ ਦੀ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਸਥਿਤ ਧਾਰਮਿਕ ਅਸਥਾਨ ਤੱਕ ਪਹੁੰਚ ਯਕੀਨਨ ਕਰਨ ਲਈ ਗੱਲ ਪਾਕਿਸਤਾਨ ਨਾਲ ਗੱਲਬਾਤ ਕਰਨ।
 


Related News