ਕਤਰ ''ਚ 4 ਸਾਲਾ ਭਾਰਤੀ ਬੱਚੀ ਨਾਲ ਵਾਪਰਿਆ ਭਾਣਾ, ਸਕੂਲ ਬੱਸ ''ਚ ਦਮ ਘੁਟਣ ਕਾਰਨ ਹੋਈ ਮੌਤ
Tuesday, Sep 13, 2022 - 06:33 PM (IST)
ਦੋਹਾ: ਕਤਰ 'ਚ ਭਾਰਤੀ ਮੂਲ ਦੀ 4 ਸਾਲਾ ਬੱਚੀ ਮਿਨਸਾ ਮਰੀਅਮ ਜੈਕਬ ਆਪਣੇ ਜਨਮ ਦਿਨ 'ਤੇ ਸਕੂਲ ਬੱਸ ਦੇ ਅੰਦਰ ਮ੍ਰਿਤਕ ਪਾਈ ਗਈ। ਮਿਨਸਾ ਇੱਕ ਕਿੰਡਰਗਾਰਟਨ ਦੀ ਵਿਦਿਆਰਥਣ ਸੀ ਅਤੇ ਉਹ ਸਕੂਲ ਜਾਂਦੇ ਸਮੇਂ ਬੱਸ ਵਿਚ ਸੌਂ ਗਈ ਸੀ। ਜਦੋਂ ਬੱਸ ਸਕੂਲ ਪਹੁੰਚੀ ਤਾਂ ਬਾਕੀ ਸਾਰੇ ਬੱਚੇ ਬੱਸ ਵਿੱਚੋਂ ਉਤਰ ਗਏ, ਜਦੋਂਕਿ ਮਿਨਸਾ ਬੱਸ ਅੰਦਰ ਹੀ ਸੁੱਤੀ ਰਹਿ ਗਈ। ਬੱਸ ਸਟਾਫ਼ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਬੱਚੀ ਬੱਸ ਦੇ ਅੰਦਰ ਸੁੱਤੀ ਹੋਈ ਹੈ ਅਤੇ ਉਨ੍ਹਾਂ ਨੇ ਬੱਸ ਨੂੰ ਪਾਰਕਿੰਗ ਵਿੱਚ ਖੜ੍ਹਾ ਕਰਕੇ ਬੱਸ ਨੂੰ ਤਾਲਾ ਲਗਾ ਦਿੱਤਾ ਅਤੇ ਉਥੋਂ ਚਲੇ ਗਏ। ਜ਼ਿਆਦਾ ਗਰਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮਿਨਸਾ ਕੇਰਲਾ ਨਾਲ ਸਬੰਧ ਰੱਖਦੀ ਸੀ।
ਇਹ ਵੀ ਪੜ੍ਹੋ: ਦੁਬਈ 'ਚ ਨਵੇਂ ਹਿੰਦੂ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ (ਵੀਡੀਓ)
ਸਥਾਨਕ ਮੀਡੀਆ ਮੁਤਾਬਕ ਬੱਸ ਡਰਾਈਵਰ ਅਤੇ ਅਟੈਂਡੈਂਟ ਜਦੋਂ 4 ਘੰਟੇ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ। ਮਿਨਾਸਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਵਕਰਾ ਹਸਪਤਾਲ ਦਾ ਕਹਿਣਾ ਹੈ ਕਿ ਉਸ ਦੀ ਜਾਨ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹਿ ਗਈਆਂ। ਕਤਰ ਦੇ ਸਿੱਖਿਆ ਮੰਤਰਾਲਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਬੱਚੀ ਦੀ ਮੌਤ 'ਤੇ ਸੋਗ ਜਤਾਇਆ ਹੈ। ਮੰਤਰਾਲਾ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਮੰਤਰਾਲਾ ਸਾਰੇ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇਗੀ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਉਹ ਸਾਰੇ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਰੱਖਿਆ ਦੇ ਉੱਚ ਮਿਆਰ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੰਤਰਾਲਾ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼