ਕੋਰੋਨਾ ਵਾਇਰਸ : ਦੱਖਣੀ ਕੋਰੀਆ ''ਚ ਭਾਰਤੀ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ

02/24/2020 12:25:49 PM

ਸਿਓਲ— ਦੱਖਣੀ ਕੋਰੀਆ 'ਚ ਭਾਰਤੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਉਹ ਉਨ੍ਹਾਂ ਖੇਤਰਾਂ ਦਾ ਦੌਰਾ ਨਾ ਕਰਨ, ਜਿਨ੍ਹਾਂ 'ਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।  ਦੱਖਣੀ ਕੋਰੀਆ ਦੇ ਡਾਇਗੂ ਅਤੇ ਚੇਨਗਡੋ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਵੱਡੀ ਗਿਣਤੀ ਪਾਈ ਗਈ ਹੈ। ਇਸ ਲਈ ਸਰਕਾਰ ਵਲੋਂ ਇਨ੍ਹਾਂ ਨੂੰ ਸਪੈਸ਼ਲ ਕੇਅਰ ਜ਼ੋਨ 'ਚ ਰੱਖਿਆ ਗਿਆ ਹੈ।

ਅੰਬੈਸੀ ਮੁਤਾਬਕ ਉਨ੍ਹਾਂ ਨੂੰ ਭਾਰਤੀਆਂ ਵਲੋਂ ਕਈ ਈ-ਮੇਲ ਤੇ ਫੋਨ ਆਏ ਹਨ ਤੇ ਉਨ੍ਹਾਂ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਪ੍ਰਤੀ ਚਿੰਤਾ ਪ੍ਰਗਟਾਈ ਹੈ। ਰੀਪਬਲਿਕ ਆਫ ਕੋਰੀਆ ਸਰਕਾਰ ਨੇ ਵਾਇਰਸ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਾਸਕ ਪਾ ਕੇ ਹੀ ਜਨਤਕ ਸਥਾਨਾਂ 'ਤੇ ਜਾਣ ਅਤੇ ਹੱਥ ਜ਼ਰੂਰ ਧੋ ਕੇ ਖਾਣਾ ਖਾਣ ਅਤੇ ਹੋਰ ਜ਼ਰੂਰੀ ਗੱਲਾਂ ਦਾ ਧਿਆਨ ਰੱਖਣ।
ਜ਼ਿਕਰਯੋਗ ਹੈ ਕਿ ਵਾਇਰਸ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ 763 ਲੋਕ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸੈਂਟਰ ਮੁਤਾਬਕ ਦੱਖਣੀ ਕੋਰੀਆ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 161 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ 18 ਲੋਕ ਇਸ ਬੀਮਾਰੀ ਤੋਂ ਉੱਭਰ ਚੁੱਕੇ ਹਨ ਅਤੇ 8,720 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News