ਭਾਰਤੀ ਡਾਕਟਰ ਨੇ ਸਾਈਕਲ 'ਤੇ ਕੀਤੀ 30 ਦੇਸ਼ਾਂ ਦੀ ਸੈਰ, ਦਿੱਤਾ ਸ਼ਾਂਤੀ ਦਾ ਸੁਨੇਹਾ

07/15/2019 8:51:05 AM

ਰੋਮ, (ਕੈਂਥ)— ਦੁਨੀਆ 'ਚ ਕੁਝ ਇਨਸਾਨ ਅਜਿਹੇ ਕਾਰਜ ਕਰਨ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਹਨ, ਜਿਨ੍ਹਾਂ ਬਾਰੇ ਆਮ ਇਨਸਾਨ ਸੋਚਣ ਤੋਂ ਵੀ ਕਤਰਾਉਂਦੇ ਹਨ ਅਜਿਹਾ ਹੀ ਇੱਕ ਭਾਰਤੀ ਨੌਜਵਾਨ ਹੈ ਡਾਕਟਰ ਰਾਜ (40) ਉਰਫ਼ 'ਸਾਈਕਲ ਬਾਬਾ' ਜਿਹੜਾ ਕਿ ਵਿਸ਼ਵ 'ਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਲੈ ਕੇ ਪਿਛਲੇ 3 ਸਾਲਾਂ ਤੋਂ ਸਾਇਕਲ ਯਾਤਰਾ ਉੱਤੇ ਹੈ। ਬੀਤੇ ਦਿਨ ਡਾਕਟਰ ਰਾਜ ਉਰਫ਼ 'ਸਾਈਕਲ ਬਾਬਾ' ਸ਼੍ਰੀ ਲੰਕਾ, ਬੰਗਲਾਦੇਸ਼, ਭੂਟਾਨ, ਨੇਪਾਲ ਤੇ ਤੁਰਕੀ ਆਦਿ 30 ਦੇਸ਼ਾਂ ਦੀ ਸਾਇਕਲ ਰਾਹੀਂ ਯਾਤਰਾ ਕਰਦਾ ਤਕਰੀਬਨ 43,000 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਟਲੀ ਪੁੱਜਾ।
PunjabKesari

ਡਾਕਟਰ ਰਾਜ ਇਟਲੀ ਦੇ ਮਿਲਾਨ ਸ਼ਹਿਰ ਦੇ ਨਜ਼ਾਰੇ ਦੇਖਣ ਤੋਂ ਬਾਅਦ ਕਰੋਮ ਤੋਂ ਹੁੰਦੇ ਹੋਏ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਪੁੱਜੇ, ਜਿੱਥੇ ਉਸ ਦਾ ਸਥਾਨਕ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਹੀ ਜੋਸ਼ੀਲੇ ਢੰਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਉਹ ਮਾਤਾ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਵਿਖੇ ਨਤਮਸਤਕ ਹੋਣ ਉਪਰੰਤ ਭਾਰਤੀ ਭਾਈਚਾਰੇ ਤੇ ਸ਼ਹਿਰ ਦੀ ਨਗਰ ਕੌਂਸਲ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ 'ਚ ਪਹੁੰਚੇ, ਜਿੱਥੇ ਉਨ੍ਹਾਂ ਦਾ ਨਗਰ ਕੌਂਸਲ ਤੇਰਾਚੀਨਾ ਦੀ ਮੇਅਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਨ੍ਹਾਂ ਕੋਲੋਂ ਸਮਾਗਮ ਦੌਰਾਨ ਇੱਕ ਯਾਦਗਾਰੀ ਰੁੱਖ ਵੀ ਲਗਵਾਇਆ ਗਿਆ, ਜਿਹੜਾ ਕਿ ਆਉਣ ਵਾਲੇ ਸਮੇਂ 'ਚ ਉਸ ਦੇ ਇਟਲੀ ਆਉਣ ਦੇ ਮਕਸਦ ਨੂੰ ਯਾਦ ਕਰਵਾਉਂਦਾ ਰਹੇਗਾ। 

ਇਸ ਮੌਕੇ ਡਾਕਟਰ ਰਾਜ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਸ ਨੇ ਇਹ ਯਾਤਰਾ 5 ਸਤੰਬਰ, 2016 ਨੂੰ ਭੂਨਾ (ਫਤਿਹਾਬਾਦ) ਹਰਿਆਣਾ ਤੋਂ ਸ਼ੁਰੂ ਕੀਤੀ ਸੀ, ਜਿਸ ਨੂੰ ਚੱਲਦੇ 3 ਸਾਲ ਹੋ ਗਏ ਤੇ ਅਜੇ ਹੋਰ 8-9 ਸਾਲ ਦਾ ਸਮਾਂ ਲੱਗਣ ਦਾ ਅਨੁਮਾਨ ਹੈ। ਇਸ ਦੌਰਾਨ ਉਹ ਬੀਮਾਰ ਵੀ ਹੋਏ ਪਰ ਹਿੰਮਤ ਨਹੀਂ ਛੱਡੀ। ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ 3 ਮਹੀਨੇ ਤਕ ਸਾਈਕਲ ਯਾਤਰਾ ਕਰਦੇ ਹੋਏ ਉਹ ਇੰਗਲੈਂਡ ਜਾਣਗੇ। 

ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਧਰਮ ਪਤਨੀ ਦੀ ਬੇਵਕਤ ਮੌਤ ਤੋਂ ਬਾਅਦ ਉਹ ਇਕੱਲੇ ਰਹਿ ਗਏ ਤੇ 10 ਸਾਲ ਆਯੁਰਵੈਦਿਕ ਹਸਤਪਾਲ 'ਚ ਲੋਕਾਂ ਦੀ ਸੇਵਾ ਕਰਨ ਦੇ ਬਾਅਦ ਵਿਸ਼ਵ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਲੈ ਉਨ੍ਹਾਂ ਨੇ ਵਿਸ਼ਵ ਦੀ ਸਾਈਕਲ ਯਾਤਰਾ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ।


Related News