ਕੋਵਿਡ ਦਾ ਪ੍ਰਕੋਪ: ਚੀਨ ''ਚ ਦਵਾਈਆਂ ਦੀ ਭਾਰੀ ਕਮੀ, ਲੋਕ ਬਲੈਕ ''ਚ ਖਰੀਦ ਰਹੇ ਨੇ ਕੋਰੋਨਾ ਦੀਆਂ ਭਾਰਤੀ ਦਵਾਈਆਂ
Wednesday, Dec 28, 2022 - 04:44 PM (IST)
ਇੰਟਰਨੈਸ਼ਨਲ ਡੈਸਕ: ਚੀਨ ਵਿਚ ਕੋਰੋਨਾ ਦੀ ਸਭ ਤੋਂ ਘਾਤਕ ਲਹਿਰ ਕਾਰਨ ਹਰ ਰੋਜ਼ ਲੱਖਾਂ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਲੋਕਾਂ ਨੂੰ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ ਹਨ ਅਤੇ ਦਵਾਈਆਂ ਦੀ ਵੀ ਘਾਟ ਹੈ। ਮੰਗ ਨੂੰ ਪੂਰਾ ਕਰਨ ਲਈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਓਵਰਟਾਈਮ ਕੀਤਾ ਜਾ ਰਿਹਾ ਹੈ। ਚੀਨ ਦੀ ਸਰਕਾਰ ਨੇ ਬੁਖਾਰ, ਸਰੀਰ ਦਰਦ ਅਤੇ ਸਿਰ ਦਰਦ ਲਈ ਮੁਫਤ ਦਵਾਈਆਂ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਆਪਣੇ ਗੁਆਂਢੀ ਨੂੰ ਮੁਸੀਬਤ 'ਚ ਘਿਰਦਾ ਦੇਖ ਭਾਰਤ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਡਰੱਗ ਨਿਰਮਾਤਾਵਾਂ 'ਚੋਂ ਇਕ ਭਾਰਤ ਨੇ ਕੋਰੋਨਾ ਨਾਲ ਜੂਝ ਰਹੇ ਚੀਨ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ ਚੀਨ ਨੂੰ ਬੁਖਾਰ ਦੀਆਂ ਦਵਾਈਆਂ ਦੇਣ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਚੀਨ ਦੀ ਮਦਦ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ''ਅਸੀਂ ਚੀਨ 'ਚ ਕੋਵਿਡ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।'' ਚੀਨ ਨੂੰ ਦਵਾਈ ਭੇਜਣ ਦੇ ਸਵਾਲ 'ਤੇ ਉਨ੍ਹਾਂ ਕਿਹਾ, ''ਅਸੀਂ ਦੁਨੀਆ ਦੀ ਫਾਰਮੇਸੀ ਦੇ ਤੌਰ 'ਤੇ ਹਮੇਸ਼ਾ ਦੂਜੇ ਦੇਸ਼ਾਂ ਦੀ ਮਦਦ ਕੀਤੀ ਹੈ।'' ਫਾਰਮਾਸਊਟੀਕਲਸ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਫਾਰਮੈਕਸਿਲ) ਦੀ ਚੇਅਰਪਰਸਨ ਸਾਹਿਲ ਮੁੰਜਾਲ ਨੇ ਰਾਇਟਰਜ਼ ਨੂੰ ਦੱਸਿਆ, "ਇਬੁਪਰੋਫੇਨ ਅਤੇ ਪੈਰਾਸੀਟਾਮੋਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਚੀਨ ਤੋਂ ਆਰਡਰ ਮਿਲ ਰਹੇ ਹਨ।"
ਮੀਡੀਆ ਰਿਪੋਰਟਾਂ ਮੁਤਾਬਕ ਚੀਨੀ ਬਾਜ਼ਾਰਾਂ 'ਚ ਐਂਟੀ-ਵਾਇਰਲ ਦਵਾਈਆਂ ਇਬੁਪਰੋਫੇਨ ਅਤੇ ਪੈਰਾਸੀਟਾਮੋਲ ਵਰਗੀਆਂ ਐਂਟੀਵਾਇਰਲ ਦਵਾਈਆਂ ਦੀ ਕਮੀ ਨਾਲ ਅਫੜਾ-ਤਫੜੀ ਮਚੀ ਹੋਈ ਹੈ। ਰਿਪੋਰਟਾਂ ਦੇ ਅਨੁਸਾਰ, ਵਾਇਰਲ ਦਵਾਈਆਂ ਦੀ ਘੱਟ ਸਪਲਾਈ ਅਤੇ ਭੰਡਾਰਨ ਕਾਰਨ ਚੀਨੀ ਬਾਜ਼ਾਰਾਂ ਵਿੱਚ ਦਵਾਈਆਂ ਦੀ ਕਮੀ ਹੋ ਗਈ। ਚੀਨੀ ਸੋਸ਼ਲ ਮੀਡੀਆ ਪੋਸਟਾਂ ਅਤੇ ਅਖਬਾਰਾਂ ਦੀਆਂ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਚੀਨੀ ਲੋਕ ਹੁਣ ਬਲੈਕ ਵਿਚ ਭਾਰਤੀ ਦਵਾਈਆਂ ਖਰੀਦ ਰਹੇ ਹਨ ਜਿਨ੍ਹਾਂ ਨੂੰ ਚੀਨ ਵਿਚ ਵੇਚਣ ਦੀ ਆਗਿਆ ਨਹੀਂ ਹੈ। ਇਸ ਦੇ ਲਈ ਚੀਨੀ ਆਨਲਾਈਨ ਸਟੋਰਾਂ ਦਾ ਸਹਾਰਾ ਲੈ ਰਹੇ ਹਨ।
ਸ਼ੰਘਾਈ ਤੋਂ ਨਿਕਲਣ ਵਾਲੇ ਅਖਬਾਰ 'ਦਿ ਪੇਪਰ' ਦੀ ਰਿਪੋਰਟ ਮੁਤਾਬਕ ਚੀਨ 'ਚ ਕਈ ਏਜੰਟ ਸਰਗਰਮ ਹੋ ਗਏ ਹਨ, ਜੋ ਵਾਇਰਲ ਬੁਖਾਰ ਦੀ ਦਵਾਈ ਦੁੱਗਣੀ ਜਾਂ ਤਿੰਨ ਗੁਣਾ ਕੀਮਤ 'ਤੇ ਵੇਚ ਰਹੇ ਹਨ। ਪੇਪਰ ਨੇ ਲਿਖਿਆ ਕਿ ਇੱਕ ਏਜੰਟ ਨੇ ਵਿਦੇਸ਼ੀ ਜੈਨਰਿਕ ਐਂਟੀਵਾਇਰਲ ਦੇ 50,000 ਤੋਂ ਵੱਧ ਬਕਸੇ ਵੇਚੇ ਹਨ। ਗੁਆਂਗਜ਼ੂ ਡੇਲੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਗੁਆਂਗਜ਼ੂ ਯੂਨਾਈਟਿਡ ਫੈਮਿਲੀ ਹਸਪਤਾਲ ਵਿੱਚ ਵਾਇਰਲ ਡਰੱਗ ਪੈਕਸਲੋਵਿਡ ਦੀ ਕੀਮਤ ਲਗਭਗ 2,300 ਯੂਆਨ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਦਵਾਈ ਵੀ ਨਹੀਂ ਦਿੱਤੀ ਜਾ ਰਹੀ ਹੈ। ਇਹ ਦਵਾਈ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਹੀ ਦਿੱਤੀ ਜਾ ਰਹੀ ਹੈ। ਹਸਪਤਾਲ ਵਿੱਚ ਮਰੀਜ਼ਾਂ ਦੀ ਸੀਟੀ ਸਕ੍ਰੀਨਿੰਗ ਦਾ ਖਰਚਾ 5 ਹਜ਼ਾਰ ਯੂਆਨ ਹੈ ਜਦੋਂਕਿ ਡਾਕਟਰ ਦੀ ਫੀਸ 1000 ਯੂਆਨ ਹੈ।