ਭਾਰਤੀ ਸ਼ੈਫ ਨੂੰ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ, ਹੁਣ ਦੇਣੇ ਪੈਣਗੇ ਇੰਨੇ ਡਾਲਰ

11/28/2017 5:41:12 AM

ਔਕਲੈਂਡ - ਕਹਿੰਦੇ ਨੇ ਕਿਸੇ ਦਾ ਹੱਕ ਮਾਰ ਲੈਣ ਵਾਲੇ ਜਾਂ ਖੋਹ ਲੈਣ ਵਾਲੇ ਨਾਲੋਂ ਉਸਦਾ ਹੱਕ ਦਿਵਾਉਣ ਵਾਲਾ ਬੱਲਵਾਨ ਹੁੰਦਾ ਹੈ। ਇਕ ਅਜਿਹੀ ਹੀ ਘਟਨਾ ਇਥੇ ਚਲਦੇ ਇਕ ਭਾਰਤੀ ਰੈਸਟੋਰੈਂਟ 'ਸੱਤਿਆ' ਦੇ ਸ਼ੈਫ ਨਾਲ ਹੋਈ ਹੈ। ਇੰਪਲਾਇਮੈਂਟ ਰਿਲੇਸ਼ਨਜ਼ ਅਥਾਰਟੀ ਨੇ ਬਾਬੂ ਪੰਡਤ ਨਾਂਅ ਦੇ ਇਕ ਸ਼ੈਫ ਨੂੰ ਉਸਦਾ ਹੱਕ ਦਿਵਾ ਦਿੱਤਾ ਹੈ। ਇਹ ਸ਼ੈਫ ਆਪਣੀ ਛੁੱਟੀ 'ਤੇ ਸੀ ਅਤੇ ਦੇਸ਼ ਤੋਂ ਬਾਹਰ ਸੀ। ਇਸ ਦਰਮਿਆਨ ਇਸ ਦੇ ਰੁਜ਼ਗਾਰ ਦਾਤਾ ਨੇ ਜਿੱਥੇ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਪਰ੍ਹਾਂ ਕਰ ਦਿੱਤਾ ਉਥੇ ਉਸ ਦਾ ਵਰਕ ਵੀਜ਼ਾ ਵੀ ਰੱਦ ਕਰਵਾ ਦਿੱਤਾ।  ਰੈਸਟੋਰੈਂਟ ਦੇ ਮਾਲਕ ਸਵੈਮੀ ਨੇ ਬਾਬੂ ਪੰਡਤ ਨੂੰ ਹੈਦਰਾਬਾਦ ਤੋਂ ਵਿਸ਼ੇਸ਼ ਤੌਰ 'ਤੇ 2012 'ਚ ਬੁਲਾਇਆ ਸੀ। ਪੰਡਤ ਨੇ ਅਪ੍ਰੈਲ 2013 ਤੋਂ  ਸਤੰਬਰ 2016 ਤੱਕ ਇਸ ਮਾਲਕ ਕੋਲ ਕੰਮ ਕੀਤਾ ਅਤੇ ਤਿੰਨ ਵਾਰ ਵਰਕ ਵੀਜ਼ਾ ਲਿਆ। ਇਹ ਸ਼ੈਫ ਸਲਾਨਾ 26152 ਡਾਲਰ ਕਮਾਉਂਦਾ ਸੀ। ਸੋ ਪਿਛਲੇ ਸਾਲ ਸਤੰਬਰ ਮਹੀਨੇ ਇਹ ਸ਼ੈਫ ਇੰਡੀਆ ਕੁਝ ਵੱਧ ਸਮੇਂ ਲਈ ਸਕੀਮ ਨਾਲ ਗਿਆ ਤਾਂ ਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲਿਆ ਸਕੇ, ਪਰ ਇਹ ਸਕੀਮ ਸਿਰੇ ਨਾ ਚੜ੍ਹੀ।  

ਉਸ ਦੇ ਰੁਜ਼ਗਾਰ ਦਾਤਾ ਨੇ ਦੋ ਈ-ਮੇਲਾਂ ਅਤੇ ਇਕ ਪੱਤਰ ਇਮੀਗ੍ਰੇਸ਼ਨ ਨੂੰ ਲਿਖਿਆ ਅਤੇ ਉਸਦੇ ਅਧਾਰ 'ਤੇ ਨਵੰਬਰ ਮਹੀਨੇ ਦਾ ਵੀਜ਼ਾ ਇਮੀਗ੍ਰੇਸ਼ਨ ਨੇ ਕੈਂਸਲ ਕਰ ਦਿੱਤਾ। ਮਾਲਕ ਨੇ ਪੱਤਰ 'ਚ ਇਹ ਵੀ ਲਿਖਿਆ ਕਿ ਪੰਡਤ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਸ ਨੇ ਪਿਛਲੇ ਵੀਜ਼ੇ ਦੌਰਾਨ ਦਵਾਈਆਂ ਆਦਿ ਦੇ ਸਹਾਰੇ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ ਕੀਤੀ। ਉਸ ਨੇ ਲਿਖ ਦਿੱਤਾ ਕਿ ਉਹ ਅੱਗੇ ਤੋਂ ਉਸਨੂੰ ਆਪਣੇ ਕੰਮ 'ਤੇ ਨਹੀਂ ਰੱਖਣਗੇ। ਇਸ ਕਰਕੇ ਉਸਦਾ ਵੀਜ਼ਾ ਕੈਂਸਲ ਕਰ ਦਿਓ। ਉਸ ਨੇ ਕਿਹਾ ਕਿ ਉਸ ਦੀ ਈ-ਮੇਲ ਗੁੰਮਨਾਮ ਰੱਖੀ ਜਾਵੇ ਅਤੇ ਐਕਸ਼ਨ ਲੈਣ ਬਾਰੇ ਉਸ ਨੂੰ ਦੱਸਿਆ ਜਾਵੇ। ਉਸ ਨੇ ਇਕ ਵੱਖਰੀ ਈ-ਮੇਲ 'ਚ ਲਿਖਿਆ ਕਿ ਉਸ ਦੀ ਨੌਕਰੀ ਹੁਣ ਖਤਮ ਕਰ ਦਿੱਤੀ ਗਈ ਹੈ। ਇਸ ਦਰਮਿਆਨ ਜਦੋਂ ਇੰਪਲਾਇਮੈਂਟ ਰਿਲੇਸ਼ਨ ਨੇ ਸਾਰੀ ਕਹਾਣੀ ਸੁਣੀ ਤਾਂ ਪਤਾ ਚੱਲਿਆ ਕਿ ਰੁਜ਼ਗਾਰ ਦਾਤਾ ਨੇ ਜਿਸ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਹੈ ਉਹ ਚੰਗਾ ਤਰੀਕਾ ਨਹੀਂ ਸੀ। ਸ਼ੂਗਰ ਦੀ ਬਿਮਾਰੀ ਦੀ ਕਹਾਣੀ ਵਿਚਾਲੇ ਵੀ ਕਈ ਗੱਲਾਂ ਪਾਈਆਂ ਗਈਆਂ। ਆਖਿਰ ਇੰਪਲਾਇਮੈਂਟ ਰਿਲੇਸ਼ਨ ਵਾਲਿਆਂ ਨੇ ਰੈਸਟੋਰੈਂਟ ਮਾਲਕ ਨੂੰ 33,465 ਡਾਲਰ ਦੀ ਭਰਪਾਈ ਕਰਨ ਲਈ ਕਹਿ ਦਿੱਤਾ ਹੈ।


Related News