ਮਾਣ ਦੀ ਗੱਲ, ਭਾਰਤੀ ਮੂਲ ਦੇ ਗਣਿਤ ਵਿਗਿਆਨੀ ਨੂੰ ਮਿਲੇਗਾ 2023 ਦਾ 'ਅੰਤਰਰਾਸ਼ਟਰੀ ਪੁਰਸਕਾਰ'
Monday, Apr 10, 2023 - 11:54 AM (IST)
ਵਾਸ਼ਿੰਗਟਨ (ਭਾਸ਼ਾ)- ਉੱਘੇ ਭਾਰਤੀ-ਅਮਰੀਕੀ ਗਣਿਤ-ਸ਼ਾਸਤਰੀ ਅਤੇ ਅੰਕੜਾ ਵਿਗਿਆਨੀ ਕਲਿਆਮਪੂੜੀ ਰਾਧਾਕ੍ਰਿਸ਼ਨ ਰਾਓ ਨੂੰ ਅੰਕੜਿਆਂ ਦੇ ਖੇਤਰ ਵਿੱਚ 75 ਸਾਲ ਪਹਿਲਾਂ ਕੀਤੇ ਗਏ ਉਨ੍ਹਾਂ ਦੇ ਮਹੱਤਵਪੂਰਨ ਕੰਮ ਲਈ 2023 ਦੇ ‘ਅੰਤਰਰਾਸ਼ਟਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਨੇ ਅੰਕੜਿਆਂ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ। ਇਸ ਪੁਰਸਕਾਰ ਨੂੰ ਅੰਕੜਿਆਂ ਦੇ ਖੇਤਰ ਵਿਚ ਨੋਬਲ ਪੁਰਸਕਾਰ ਦੇ ਬਰਾਬਰ ਮੰਨਿਆ ਜਾਂਦਾ ਹੈ।
'ਇੰਟਰਨੈਸ਼ਨਲ ਪ੍ਰਾਈਜ਼ ਇਨ ਸਟੈਟੇਸਟਿਕਸ ਫਾਊਂਡੇਸ਼ਨ' ਨੇ ਇਕ ਬਿਆਨ ਵਿਚ ਕਿਹਾ ਕਿ 75 ਸਾਲ ਪਹਿਲਾਂ ਇਸ ਖੇਤਰ ਵਿਚ ਰਾਓ ਦੇ ਯੋਗਦਾਨ ਦਾ ਅੱਜ ਵੀ ਵਿਗਿਆਨ 'ਤੇ ਡੂੰਘਾ ਪ੍ਰਭਾਵ ਜਾਰੀ ਹੈ। ਰਾਓ ਦੀ ਉਮਰ 102 ਸਾਲ ਹੈ। ਉਸ ਨੂੰ ਇਹ ਪੁਰਸਕਾਰ ਜੁਲਾਈ ਵਿੱਚ ਕੈਨੇਡਾ ਦੇ ਓਟਾਵਾ ਵਿੱਚ ਦੋ-ਸਾਲਾ ਅੰਤਰਰਾਸ਼ਟਰੀ ਅੰਕੜਾ ਸੰਸਥਾ ਵਰਲਡ ਸਟੈਟਿਸਟਿਕਸ ਕਾਂਗਰਸ ਵਿੱਚ ਦਿੱਤਾ ਜਾਵੇਗਾ। ਪੁਰਸਕਾਰ ਦੇ ਨਾਲ ਉਸ ਨੂੰ 80,000 ਡਾਲਰ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਸਰਕਾਰ ਨੇ 'ਵੀਜ਼ਾ ਫੀਸ' ਸਬੰਧੀ ਲਿਆ ਇਹ ਫ਼ੈਸਲਾ
ਫਾਊਂਡੇਸ਼ਨ ਨੇ ਇਕ ਅਪ੍ਰੈਲ ਨੂੰ ਬਿਆਨ ਵਿਚ ਕਿਹਾ ਕਿ "ਕਲਕੱਤਾ ਮੈਥੇਮੈਟੀਕਲ ਸੋਸਾਇਟੀ ਦੇ ਬੁਲੇਟਿਨ ਵਿੱਚ 1945 ਵਿੱਚ ਪ੍ਰਕਾਸ਼ਿਤ ਇੱਕ ਜ਼ਿਕਰਯੋਗ ਦਸਤਾਵੇਜ਼ ਵਿੱਚ ਰਾਓ ਨੇ ਤਿੰਨ ਬੁਨਿਆਦੀ ਨਤੀਜਿਆਂ ਦੀ ਰੂਪਰੇਖਾ ਦਿੱਤੀ, ਜਿਸ ਨੇ ਅੰਕੜਿਆਂ ਦੇ ਆਧੁਨਿਕ ਖੇਤਰ ਲਈ ਰਾਹ ਪੱਧਰਾ ਕੀਤਾ ਅਤੇ ਅੰਕੜਾ ਵਿਧੀਆਂ ਪ੍ਰਦਾਨ ਕੀਤੀਆਂ ਜੋ ਅੱਜ ਵੀ ਵਿਗਿਆਨ ਵਿੱਚ ਵੱਡੇ ਪੱਧਰ 'ਤੇ ਵਰਤੇ ਜਾਂਦੇ ਹਨ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।