ਨਿਊਜ਼ੀਲੈਂਡ ਜਵਾਲਾਮੁਖੀ ਧਮਾਕਾ: ਭਾਰਤੀ-ਅਮਰੀਕੀ ਵਪਾਰੀ ਦੀ ਇਲਾਜ ਦੌਰਾਨ ਮੌਤ

01/30/2020 6:53:35 PM

ਵੈਲਿੰਗਟਨ- ਨਿਊਜ਼ੀਲੈਂਡ ਵਿਚ ਜਵਾਲਾਮੁਖੀ ਦੀ ਲਪੇਟ ਵਿਚ ਆਉਣ ਦੇ ਕਾਰਨ ਭਾਰਤੀ-ਅਮਰੀਕੀ ਕਾਰੋਬਾਰੀ ਦੀ ਮੌਤ ਹੋ ਗਈ। ਇਸ ਤੋਂ ਇਕ ਮਹੀਨਾ ਪਹਿਲਾਂ ਜਵਾਲਾਮੁਖੀ ਦੀ ਲਪੇਟ ਵਿਚ ਆਉਣ ਕਾਰਨ ਉਹਨਾਂ ਦੀ ਪਤਨੀ ਦੀ ਵੀ ਦਰਦਨਾਕ ਮੌਤ ਹੋ ਗਈ ਸੀ, ਜਿਸ ਕਾਰਨ ਉਹਨਾਂ ਦੇ ਬੱਚੇ ਅਨਾਥ ਹੋ ਗਏ ਹਨ। ਜਵਾਲਾਮੁਖੀ ਹਾਦਸੇ ਤੋਂ ਬਾਅਦ ਭਾਰਤੀ-ਅਮਰੀਕੀ ਦਾ ਮਿਡਲਮੋਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।

ਅਟਲਾਂਟਾ ਕਾਂਸਟੀਚਿਊਸ਼ਨ ਮੀਡੀਆ ਦੇ ਮੁਤਾਬਕ ਪ੍ਰਤਾਪ ਸਿੰਘ ਤੇ ਉਹਨਾਂ ਦੀ ਪਤਨੀ ਮਯੂਰੀ 9 ਦਸੰਬਰ ਨੂੰ ਨਿਊਜ਼ੀਲੈਂਡ ਦੇ ਵਾਈਟ ਆਈਲੈਂਡ 'ਤੇ ਸਨ ਜਦੋਂ ਜਵਾਲਾਮੁਖੀ ਵਿਚੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ। ਉਹ ਦੋਵੇਂ ਉਸ ਦੀ ਲਪੇਟ ਵਿਚ ਆ ਗਏ ਸਨ। ਮਯੂਰੀ ਦੀ 22 ਦਸੰਬਰ ਨੂੰ ਮੌਤ ਹੋ ਗਈ ਸੀ। ਨਿਊਜ਼ੀਲੈਂਡ ਪੁਲਸ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਜਲਾਵਾਮੁਖੀ ਦੀ ਲਪੇਟ ਵਿਚ ਆਉਣ ਕਾਰਨ ਇਕ ਹੋਰ ਵਿਅਕਤੀ ਦੀ ਮਿਡਲਮੋਰ ਹਸਪਤਾਲ ਵਿਚ ਮੌਤ ਹੋ ਗਈ ਹੈ। ਨਿਊਜ਼ੀਲੈਂਡ ਹੇਰਾਲਡ ਅਖਬਾਰ ਮੁਤਾਬਕ ਸਿੰਘ ਦੀ ਲਾਸ਼ ਆਕਲੈਂਡ ਦੇ ਹਸਪਤਾਲ ਵਿਚ ਹੈ। ਡਬਲਿਊ.ਐਸ.ਬੀ.ਟੀ.ਵੀ. ਨੇ ਦੱਸਿਆ ਕਿ ਜੋੜੇ ਦੇ ਤਿੰਨ ਬੱਚੇ ਤੇ ਮਯੂਰੀ ਦੀ ਮਾਂ ਜਹਾਜ਼ 'ਤੇ ਹੀ ਸਨ ਇਸ ਲਈ ਉਹ ਜਵਾਲਾਮੁਖੀ ਤੋਂ ਬਚ ਗਏ। ਹਾਲਾਂਕਿ ਇਸ ਜਹਾਜ਼ 'ਤੇ ਸਵਾਰ 47 ਲੋਕਾਂ ਵਿਚੋਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਿੰਘ ਗੈਰ-ਲਾਭਕਾਰੀ ਸੰਸਥਾ ਸੇਵਾ ਇੰਟਰਨੈਸ਼ਨਲ ਦੀ ਅਟਲਾਂਟਾ ਬ੍ਰਾਂਚ ਦੇ ਪ੍ਰਧਾਨ ਸਨ।


Baljit Singh

Content Editor

Related News