ਸਮਰੱਥਾ ਦਾ ਸਿਰਫ ਇਕ ਤਿਹਾਈ ਦਾਨ ਕਰਦੇ ਹਨ ਭਾਰਤੀ-ਅਮਰੀਕੀ

07/18/2018 11:42:38 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਵੱਸਦੇ ਜਾਤੀ ਸਮੂਹਾਂ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਮੂਲ ਦੇ ਅਮਰੀਕੀ ਦਾਨ ਦੇਣ ਦੀ ਆਪਣੀ ਕੁੱਲ ਸਮਰੱਥਾ 3 ਅਰਬ ਡਾਲਰ ਦੇ ਮੁਕਾਬਲੇ ਸਿਰਫ ਇਕ ਤਿਹਾਈ ਮਤਲਬ 1 ਅਰਬ ਡਾਲਰ ਹੀ ਸਾਲਾਨਾ ਚੈਰਿਟੀ ਕੰਮਾਂ 'ਤੇ ਖਰਚ ਕਰਦੇ ਹਨ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀਆਂ ਚੈਰਿਟੀ ਕਰਨ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਇਸ ਸਰਵੇਖਣ ਮੁਤਾਬਕ ਭਾਈਚਾਰੇ ਦੇ ਲੋਕ ਸਾਲਾਨਾ ਆਪਣੀ ਆਮਦਨ ਦਾ ਔਸਤਨ 1.5 ਫੀਸਦੀ ਦਾਨ ਕਰਦੇ ਹਨ ਜਦਕਿ ਇਕ ਔਸਤ ਅਮਰੀਕੀ ਆਪਣੀ ਆਮਦਨ ਦਾ 4 ਫੀਸਦੀ ਹਿੱਸਾ ਸਾਲਾਨਾ ਚੈਰਿਟੀ ਕੰਮਾਂ ਵਿਚ ਲਗਾਉਂਦਾ ਹੈ। 
ਅਮਰੀਕਾ ਦੇ ਰਹਿਣ ਵਾਲੇ ਕਰੀਬ 41 ਲੱਖ ਭਾਰਤੀ ਮੂਲ ਦੇ ਅਮਰੀਕੀਆਂ ਦੀ ਔਸਤ ਆਮਦਨ ਅਮਰੀਕਾ ਵਿਚ ਰਹਿਣ ਵਾਲੇ ਕਿਸੇ ਵੀ ਜਾਤੀ ਭਾਈਚਾਰੇ ਦੀ ਔਸਤ ਘਰੇਲੂ ਆਮਦਨ ਦੇ ਮੁਕਾਬਲੇ ਜ਼ਿਆਦਾ ਹੈ। ਇਸ ਭਾਈਚਾਰੇ ਨੂੰ ਹੋਰਾਂ ਦੇ ਮੁਕਾਬਲੇ ਜ਼ਿਆਦਾ ਸਿੱਖਿਅਤ ਅਤੇ ਸਮਾਜਿਕ ਰੂਪ ਵਿਚ ਜਾਗਰੂਕ ਮੰਨਿਆ ਜਾਂਦਾ ਹੈ। ਕੱਲ ਇੱਥੇ ਜੌਰਜਟਾਊਨ ਯੂਨੀਵਰਸਿਟੀ ਵਿਚ ਇੰਡੀਆਸਪੋਰਾ ਫਿਲੈਨਥਰੋਪੀ ਸੰਮੇਲਨ ਦੌਰਾਨ 'ਇੰਡੀਆਸਪੋਰਾ-ਡਲਬਰਗ ਕਮਿਊਨਿਟੀ ਇੰਗੈਂਜਮੈਂਟ' ਸਰਵੇਖਣ ਜਾਰੀ ਕੀਤਾ ਗਿਆ। ਸਰਵੇਖਣ ਮੁਤਾਬਕ ਜੇ ਗੱਲ ਲੋਕਾਂ ਦੀ ਮਦਦ ਕਰਨ ਦੀ ਹੋਵੇ ਤਾਂ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਾਸ਼ਟਰੀ ਔਸ਼ਤ ਦੇ ਮੁਕਾਬਲੇ ਦੁੱਗਣੀ ਮਦਦ ਕਰਦੇ ਹਨ ਪਰ ਆਰਥਿਕ ਮਦਦ ਕਰਨ ਵਿਚ ਉਹ ਕਾਫੀ ਪਿੱਛੇ ਹਨ।


Related News