UN ''ਚ ਭਾਰਤ ਦਾ ਪਾਕਿ ''ਤੇ ਹਮਲਾ, ਕਿਹਾ- ਅਸਲ ਖਤਰਾ ਹੈ ''ਪਨਾਹਗਾਹ''

07/10/2019 4:25:55 PM

ਸੰਯੁਕਤ ਰਾਸ਼ਟਰ— ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਡੀ ਕੰਪਨੀ, ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਤੋਂ ਪੈਦਾ ਹੋ ਰਹੇ ਅਸਲੀ ਖਤਰਿਆਂ ਨਾਲ ਨਜਿੱਠਣ ਦੀ ਦਿਸ਼ਾ 'ਚ ਧਿਆਨ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਾਕਿਸਤਾਨ 'ਚ ਮੌਜੂਦ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਅਪਰਾਧਿਕ ਸਿੰਡੀਕੇਟ ਇਕ ਅੱਤਵਾਦੀ ਨੈੱਟਵਰਕ 'ਚ ਬਦਲ ਗਿਆ ਹੈ। ਭਾਰਤ ਨੇ ਕਿਹਾ ਕਿ ਉਸ 'ਪਨਾਹਗਾਹ' ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਅਸਲੀ ਖਤਰਾ ਹੈ, ਜੋ ਦਾਊਦ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੈ।

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੁਦੀਨ ਨੇ ਮੰਗਲਵਾਰ ਨੂੰ 'ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਖਤਰਾ: ਅੰਤਰਰਾਸ਼ਟਰੀ ਅੱਤਵਾਦ ਤੇ ਸੰਗਠਿਤ ਅਪਰਾਧ ਦੇ ਵਿਚਾਲੇ ਸਬੰਧ' ਵਿਸ਼ੇ 'ਤੇ ਸੁਰੱਖਿਆ ਪ੍ਰੀਸ਼ਦ ਦੀ ਬਹਿਸ 'ਚ ਕਿਹਾ ਕਿ ਅੱਤਵਾਦੀ ਸੰਗਠਨ ਧਨ ਇਕੱਠਾ ਕਰਨ ਲਈ ਮਨੁੱਖੀ ਤਸਕਰੀ ਤੇ ਕੁਦਰਤੀ ਸੰਸਾਧਨਾਂ ਦਾ ਵਪਾਰ ਕਰਨ ਜਿਹੀਆਂ ਅਪਰਾਧਿਕ ਗਤੀਵਿਧੀਆਂ 'ਚ ਵੀ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਅਪਰਾਧਿਕ ਸਮੂਹ ਅੱਤਵਾਦੀਆਂ ਦੇ ਨਾਲ ਹੱਥ ਮਿਲਾ ਰਹੇ ਹਨ ਤੇ ਸਾਜ਼ਿਸ਼ਾਂ, ਗੈਰ-ਕਾਨੂੰਨੀ ਵਿੱਤਪੋਸ਼ਣ, ਹਥਿਆਰਾਂ ਦੀ ਸੌਦਾਗਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਅੱਤਵਾਦੀਆਂ ਨੂੰ ਸਰਹੱਦ ਪਾਰ ਲਿਜਾਣ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾ ਰਹੇ ਹਨ। ਅਕਬਰੁਦੀਨ ਨੇ ਕਿਹਾ ਕਿ ਅਸੀਂ ਆਪਣੇ ਖੇਤਰ 'ਚ ਦਾਊਦ ਇਬਰਾਹੀਮ ਦੇ ਅਪਰਾਧਿਤ ਸਿੰਡੀਕੇਟ ਨੂੰ ਡੀ ਕੰਪਨੀ ਨਾਂ ਦੇ ਅੱਤਵਾਦੀ ਨੈੱਟਵਰਕ 'ਚ ਬਦਲਦੇ ਦੇਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਡੀ ਕੰਪਨੀ ਦੀਆਂ ਗੈਰ-ਕਾਨੂੰਨੀ ਆਰਥਿਕ ਗਤੀਵਿਧੀਆਂ ਬਾਰੇ ਸਾਡੇ ਖੇਤਰ ਤੋਂ ਬਾਹਰ ਦੇ ਲੋਕ ਨਹੀਂ ਜਾਣਦੇ ਪਰ ਸਾਡੇ ਲਈ ਸੋਨੇ ਦੀ ਤਸਕਰੀ, ਜਾਲੀ ਨੋਟ ਜਿਹੀਆਂ ਗਤੀਵਿਧੀਆਂ ਅਸਲ 'ਚ ਮੌਜੂਦਾ ਖਤਰੇ ਹਨ। ਸਾਡੇ ਲਈ ਉਸ ਪਨਾਹਗਾਹ ਤੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਸਲੀ ਖਤਰਾ ਹੈ ਜੋ ਦਾਊਦ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਈ.ਐੱਸ.ਆਈ.ਐੱਸ. ਨੂੰ ਬੇਨਕਾਬ ਕਰਨ ਦੀ ਸਮੂਹਿਕ ਕੋਸ਼ਿਸ਼ ਦਰਸ਼ਾਉਂਦੀ ਹੈ ਕਿ ਪ੍ਰੀਸ਼ਦ ਜੇਕਰ ਧਿਆਨ ਕੇਂਦਰਿਤ ਕਰੇ ਤਾਂ ਨਤੀਜੇ ਮਿਲ ਸਕਦੇ ਹਨ ਤੇ ਮਿਲਦੇ ਹਨ।

ਉਨ੍ਹਾਂ ਨੇ ਕਿਹਾ ਕਿ ਪਾਬੰਦੀਸ਼ੁਦਾ ਵਿਅਕਤੀਆਂ, ਦਾਊਦ ਇਬਰਾਹੀਮ ਤੇ ਉਸ ਦੀ ਡੀ ਕੰਪਨੀ ਤੋਂ ਇਲਾਵਾ ਪਾਬੰਦੀਸ਼ੁਦਾ ਸੰਗਠਨਾਂ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ ਖਤਰਿਆਂ ਤੋਂ ਨਿਪਟਣ ਲਈ ਇਸੇ ਤਰ੍ਹਾਂ ਧਿਆਨ ਲਾਉਣ ਨਾਲ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਦਾਊਦ ਇਬਰਾਹੀਮ ਪਾਕਿਸਤਾਨ 'ਚ ਨਹੀਂ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਬ੍ਰਿਟੇਨ ਦੀ ਇਕ ਅਦਾਲਤ ਨੇ ਸੂਚਿਤ ਕੀਤਾ ਸੀ ਕਿ 1993 'ਚ ਹੋਏ ਮੁੰਬਈ ਹਮਲਿਆਂ ਦੇ ਵਾਂਟਡ ਦਾਊਦ ਇਸ ਵੇਲੇ ਪਾਕਿਸਤਾਨ 'ਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦਾ ਦਾਊਦ ਦੀ ਮੌਜੂਦਗੀ ਤੋਂ ਇਨਕਾਰ ਕਰਨਾ ਉਸ ਦੇ ਦੋਹਰੇ ਮਾਪਦੰਡਾਂ ਨੂੰ ਦੁਹਰਾਉਂਦਾ ਹੈ।


Baljit Singh

Content Editor

Related News