ਕੋਰੋਨਾਵਾਇਰਸ ਨਾਲ ਪੀੜਤ ਚੀਨ ਵੱਲ ਭਾਰਤ ਨੇ ਵਧਾਇਆ ਮਦਦ ਦਾ ਹੱਥ

02/16/2020 6:24:02 PM

ਬੀਜਿੰਗ- ਘਾਤਕ ਕੋਰੋਨਾਵਾਇਰਸ ਦੀ ਗ੍ਰਿਫਤ ਵਿਚ ਫਸੇ ਚੀਨ ਦੇ ਵੱਲ ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਭਾਰਤ ਜਲਦੀ ਹੀ ਕੋਰੋਨਾਵਾਇਰਸ ਦੇ ਕਹਿਰ ਨਾਲ ਨਿਪਟਣ ਵਿਚ ਚੀਨ ਨੂੰ ਮੈਡੀਕਲ ਸਪਲਾਈ ਦੀ ਖੇਪ ਭੇਜੇਗਾ। ਚੀਨ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਐਤਵਾਰ ਨੂੰ ਕਿਹਾ ਕਿ ਮਹਾਮਾਰੀ ਦੇ ਖਿਲਾਫ ਲੜਾਈ ਵਿਚ ਭਾਰਤ ਚੀਨ ਦੇ ਲੋਕਾਂ ਦੇ ਨਾਲ ਖੜ੍ਹਾ ਹੈ।

ਚੀਨ ਤੋਂ ਸ਼ੁਰੂ ਹੋਏ ਇਸ ਖਤਰਨਾਕ ਵਾਇਰਸ (ਕੋਵਿਡ-19) ਕਾਰਨ 1669 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 69 ਹਜ਼ਾਰ ਤੋਂ ਵਧੇਰੇ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਚੀਨ ਦਾ ਹੁਬੇਈ ਸੂਬਾ ਇਸ ਵਾਇਰਸ ਦਾ ਕੇਂਦਰ ਹੈ। ਵਿਕਰਮ ਮਿਸਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਕਹਿਰ ਨਾਲ ਨਿਪਟਣ ਦੇ ਲਈ ਭਾਰਤ ਜਲਦੀ ਹੀ ਚੀਨ ਨੂੰ ਮੈਡੀਕਲ ਸਪਲਾਈ ਦੀ ਇਕ ਖੇਪ ਭੇਜੇਗਾ। ਇਹ ਚੀਨ ਤੇ ਇਥੋਂ ਦੇ ਲੋਕਾਂ ਦੇ ਨਾਲ ਭਾਰਤ ਸਰਕਾਰ ਦੀ ਇਕਜੁੱਟਤਾ ਤੇ ਮਿੱਤਰਤਾ ਨੂੰ ਪ੍ਰਦਰਸ਼ਿਤ ਕਰੇਗਾ। ਉਹਨਾਂ ਕਿਹਾ ਕਿ ਭਾਰਤ ਇਸ ਔਖੇ ਸਮੇਂ ਵਿਚ ਚੀਨ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰੇਗਾ।

ਤਿਆਰ ਕੀਤੀ ਜਾ ਰਹੀ ਹੈ ਜ਼ਰੂਰੀ ਸਮਾਨਾਂ ਦੀ ਸੂਚੀ
ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਚੀਨ ਦੇ ਲਈ ਜ਼ਰੂਰੀ ਸਮਾਨਾਂ ਦੀ ਸੂਚੀ 'ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਿਵੇਂ ਹੀ ਇਹ ਤਿਆਰ ਹੋ ਜਾਵੇਗੀ ਖੇਪ ਨੂੰ ਚੀਨ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੇ ਚੀਨੀ ਅਧਿਕਾਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਝ ਮੈਡੀਕਲ ਉਪਕਰਨਾਂ ਤੋਂ ਪਾਬੰਦੀ ਹਟਾ ਲਈ ਹੈ। ਉਥੇ ਹੀ ਚੀਨ ਨੇ ਕਿਹਾ ਕਿ ਉਸ ਨੂੰ ਵਿਸ਼ੇਸ਼ ਰੂਪ ਨਾਲ ਵਾਇਰਸ ਪ੍ਰਭਾਵਿਤ ਰੋਗੀਆਂ ਦੀ ਦੇਖਭਾਲ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਦੇ ਲਈ ਮਾਸਕ, ਦਸਤਾਨੇ ਤੇ ਸੂਟ ਦੀ ਲੋੜ ਹੈ। ਪਿਛਲੇ ਤਿੰਨ ਹਫਤਿਆਂ ਵਿਚ ਮਾਸਕ ਦੀ ਮੰਗ ਤੇਜ਼ੀ ਨਾਲ ਵਧੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸੀ ਮਦਦ ਦੀ ਪੇਸ਼ਕਸ਼
ਜ਼ਿਕਰਯੋਗ ਹੈ ਕਿ 9 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕੋਰੋਨਾਵਾਇਰਸ ਦੇ ਕਹਿਰ ਨਾਲ ਨਿਪਟਣ ਦੇ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੇਸ਼ਕਸ਼ ਦੀ ਸ਼ਲਾਘਾ ਕੀਤੀ ਸੀ।


Baljit Singh

Content Editor

Related News