ਭਾਰਤ ਨੇ ਸਾਡੇ 12 ਮਲਾਹਾਂ ਨੂੰ ਬਚਾਇਆ, ਇਹ ਅਹਿਸਾਨ ਕਦੇ ਨਹੀਂ ਭੁੱਲਾਂਗੇ : ਚੀਨ
Thursday, Jul 23, 2026 - 03:09 AM (IST)
ਨਵੀਂ ਦਿੱਲੀ - ਭਾਰਤ ਵਿਚ ਚੀਨ ਦੇ ਨਵੇਂ ਮਿਲਟਰੀ ਡਿਪਲੋਮੈਟ ਯੂ ਜਿਆਨ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕੇਰਲ ਤੱਟ ਦੇ ਨੇੜੇ ਅੱਗ ਲੱਗਣ ਵਾਲੇ ਮਾਲਵਾਹਕ ਜਹਾਜ਼ ਤੋਂ 12 ਚੀਨੀ ਮਲਾਹਾਂ ਨੂੰ ਬਚਾਇਆ ਸੀ। ਚੀਨ ਇਹ ਅਹਿਸਾਨ ਕਦੇ ਨਹੀਂ ਭੁੱਲੇਗਾ।
ਯੂ ਜਿਆਨ ਨੇ ਇਹ ਗੱਲ ਨਵੀਂ ਦਿੱਲੀ ਵਿਚ ਚੀਨੀ ਪੀਪੁਲਜ਼ ਲਿਬਰੇਸ਼ਨ ਆਰਮੀ ਦੀ ਸਥਾਪਨਾ ਦੀ 99ਵੀਂ ਵਰ੍ਹੇਗੰਢ ’ਤੇ ਆਯੋਜਿਤ ਪ੍ਰੋਗਰਾਮ ਵਿਚ ਕਹੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ-ਚੀਨ ਸੰਬੰਧ ਫਿਰ ਤੋਂ ਸੁਧਾਰ ਦੇ ਰਾਹ ’ਤੇ ਪਰਤੇ ਹਨ।
ਦਰਅਸਲ 9 ਜੂਨ, 2025 ਨੂੰ ਸਿੰਗਾਪੁਰ ਦੇ ਝੰਡੇ ਵਾਲਾ ਕੰਟੇਨਰ ਜਹਾਜ਼ ਐੱਮ. ਵੀ. ਵਾਨ ਹਾਈ 503 ਕੇਰਲਮ ਦੇ ਅਝਿੱਕਲ ਤੱਟ ਤੋਂ ਲੱਗਭਗ 44 ਸਮੁੰਦਰੀ ਮੀਲ ਦੂਰ ਅੱਗ ਲੱਗਣ ਤੋਂ ਬਾਅਦ ਧਮਾਕੇ ਦਾ ਸ਼ਿਕਾਰ ਹੋ ਗਿਆ ਸੀ। ਇਹ ਜਹਾਜ਼ ਕੋਲੰਬੋ ਤੋਂ ਨ੍ਹਾਵਾ ਸ਼ੇਵਾ ਜਾ ਰਿਹਾ ਸੀ ਅਤੇ ਉਸ ’ਤੇ 22 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਮੁੰਬਈ ਜਾ ਰਿਹਾ ਸੀ। ਰਸਤੇ ਵਿਚ ਜਹਾਜ਼ ਦੇ ਇਕ ਕੰਟੇਨਰ ਵਿੱਚ ਧਮਾਕਾ ਹੋਇਆ, ਜਿਸ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ।
