ਭਾਰਤ ਦੀ BLS ਏਜੰਸੀ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਦਾ ਨੋਟਿਸ ਮੁੜ ਲਗਾਇਆ
Thursday, Sep 21, 2023 - 04:29 PM (IST)
ਨਵੀਂ ਦਿੱਲੀ (ਭਾਸ਼ਾ)- ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਮੁਢਲੀ ਜਾਂਚ ਲਈ ਭਾਰਤ ਵੱਲੋਂ ਨਿਯੁਕਤ ਇਕ ਨਿੱਜੀ ਏਜੰਸੀ ਨੇ ਵੀਰਵਾਰ ਨੂੰ "ਸੰਚਾਲਨ ਕਾਰਨਾਂ" ਕਾਰਨ ਆਪਣੀ ਵੈਬਸਾਈਟ 'ਤੇ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਇਕ ਨੋਟਿਸ ਜਾਰੀ ਕੀਤਾ ਅਤੇ ਕੁਝ ਘੰਟਿਆਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਪਰ ਫਿਰ ਨੋਟਿਸ ਦੁਬਾਰਾ ਲਗਾ ਦਿੱਤਾ ਗਿਆ। ਏਜੰਸੀ 'ਬੀ.ਐੱਲ.ਐੱਸ. ਇੰਟਰਨੈਸ਼ਨਲ' ਨੇ ਸਟਾਕ ਐਕਸਚੇਂਜ ਨੂੰ ਇਹ ਵੀ ਸੂਚਿਤ ਕੀਤਾ ਕਿ ਉਸ ਨੇ ਕੈਨੇਡਾ ਵਿਚ ਭਾਰਤ ਲਈ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ
ਕੰਪਨੀ ਦੀ ਵੈੱਬਸਾਈਟ ਦੇ ਕੈਨੇਡਾ ਪੇਜ 'ਤੇ ਜਾਰੀ ਨੋਟਿਸ 'ਚ ਲਿਖਿਆ ਗਿਆ ਹੈ, ''ਭਾਰਤੀ ਮਿਸ਼ਨ ਵੱਲੋਂ ਜ਼ਰੂਰੀ ਸੂਚਨਾ। ਕਾਰਜਸ਼ੀਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ਨੂੰ 21 ਸਤੰਬਰ 2023 ਤੋਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ BLS ਵੈੱਬਸਾਈਟ ਦੇ ਸੰਪਰਕ ਵਿੱਚ ਰਹੋ।' ਸੂਚੀਬੱਧ ਕੰਪਨੀ 'ਬੀ.ਐੱਲ.ਐੱਸ. ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ' ਨੇ ਸਟਾਕ ਐਕਸਚੇਂਜ ਨੂੰ ਇਹ ਵੀ ਦੱਸਿਆ ਕਿ ਇਸ ਕਦਮ ਨਾਲ ਉਸ ਦੇ ਵਿੱਤੀ ਮਾਮਲਿਆਂ 'ਤੇ ਮਾਮੂਲੀ ਅਸਰ ਪਵੇਗਾ ਕਿਉਂਕਿ "ਕੈਨੇਡੀਅਨ ਵੀਜ਼ਾ ਜਾਰੀ ਕਰਨ ਦੇ ਕਾਰੋਬਾਰ ਦਾ ਬੀ.ਐੱਲ.ਐੱਸ. ਇੰਟਰਨੈਸ਼ਨਲ ਦੇ ਕੁੱਲ ਸਾਲਾਨਾ ਮਾਲੀਏ 'ਤੇ 2 ਫ਼ੀਸਦੀ ਤੋਂ ਵੀ ਘੱਟ ਯੋਗਦਾਨ ਹੈ।"
ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ 'ਤੇ ਭਾਰਤ ਦੀ BLS ਏਜੰਸੀ ਦਾ ਨਵਾਂ ਫ਼ੈਸਲਾ
ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਸੀ। ਭਾਰਤ ਨੇ ਮੰਗਲਵਾਰ ਨੂੰ ਦੋਸ਼ਾਂ ਨੂੰ "ਬੇਹੂਦਾ" ਅਤੇ "ਪ੍ਰੇਰਿਤ" ਦੱਸਦਿਆਂ ਰੱਦ ਕਰ ਦਿੱਤਾ ਅਤੇ ਕੈਨੇਡਾ ਵੱਲੋਂ ਇਸ ਮਾਮਲੇ 'ਤੇ ਇੱਕ ਭਾਰਤੀ ਅਧਿਕਾਰੀ ਨੂੰ ਕੱਢਣ ਦਾ ਬਦਲਾ ਲੈਂਦੇ ਹੋਏ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਸੀ। ਭਾਰਤ ਨੇ ਬੁੱਧਵਾਰ ਨੂੰ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕੈਨੇਡਾ ਵਿੱਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ 'ਤੇ ਸਮਰਥਨ ਪ੍ਰਾਪਤ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਕੈਨੇਡਾ ਦੀ ਯਾਤਰਾ 'ਤੇ ਵਿਚਾਰ ਕਰਨ ਵਾਲਿਆਂ ਨੂੰ "ਬਹੁਤ ਸਾਵਧਾਨੀ" ਵਰਤਣ ਲਈ ਸੁਚੇਤ ਕਰਨ ਦੀ ਸਲਾਹ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਦੀ ਟ੍ਰੈਵਲ ਐਡਵਾਈਜ਼ਰੀ ਨੂੰ ਕੀਤਾ ਰੱਦ, ਸ਼ਾਂਤੀ ਦੀ ਕੀਤੀ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।