PM ਮੋਦੀ ਦੀ ਫੇਰੀ ਤੋਂ ਬਾਅਦ ਅਮਰੀਕਾ ਨੇ ਤਸਕਰੀ ਜ਼ਰੀਏ ਵਿਦੇਸ਼ ਪਹੁੰਚੀਆਂ 105 ਕਲਾਕ੍ਰਿਤੀਆਂ ਕੀਤੀਆਂ ਵਾਪਸ

Tuesday, Jul 18, 2023 - 10:51 AM (IST)

PM ਮੋਦੀ ਦੀ ਫੇਰੀ ਤੋਂ ਬਾਅਦ ਅਮਰੀਕਾ ਨੇ ਤਸਕਰੀ ਜ਼ਰੀਏ ਵਿਦੇਸ਼ ਪਹੁੰਚੀਆਂ 105 ਕਲਾਕ੍ਰਿਤੀਆਂ ਕੀਤੀਆਂ ਵਾਪਸ

ਵਾਸ਼ਿੰਗਟਨ (ਆਈ.ਏ.ਐੱਨ.ਐੱਸ.): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਤੋਂ ਬਾਅਦ ਅਮਰੀਕੀ ਸਰਕਾਰ ਨੇ ਭਾਰਤ ਨੂੰ ਪ੍ਰਾਚੀਨ ਅਤੇ ਇਤਿਹਾਸਕ ਮੂਰਤੀਆਂ ਅਤੇ ਕਲਾ ਸੰਗ੍ਰਹਿ ਵਾਪਸ ਭੇਜਿਆ ਹੈ। ਭਾਰਤੀ ਰਾਜਦੂਤ ਸੰਧੂ ਨੇ ਇੱਥੇ ਭਾਰਤ ਦੇ ਕੌਂਸਲੇਟ ਜਨਰਲ ਵਿੱਚ ਇੱਕ ਸਮਾਰੋਹ ਵਿੱਚ ਕਿਹਾ ਕਿ "ਸਾਡੇ ਲਈ ਇਹ ਸਿਰਫ਼ ਕਲਾ ਨਹੀਂ ਹਨ, ਸਗੋਂ ਸਾਡੀ ਵਿਰਾਸਤ, ਸੱਭਿਆਚਾਰ ਅਤੇ ਧਰਮ ਦਾ ਹਿੱਸਾ ਹਨ। ਇਸ ਲਈ ਜਦੋਂ ਇਹ ਗੁਆਚਿਆ ਹੋਇਆ ਵਿਰਸਾ ਘਰ ਪਰਤਦਾ ਹੈ, ਤਾਂ ਸਾਨੂੰ ਖੁਸ਼ੀ ਹੁੰਦੀ ਹੈ। ਇਹ ਕਲਾ ਸੰਗ੍ਰਹਿ ਭਾਰਤ ਦੀ ਅਮਾਨਤ ਹੈ ਅਤੇ ਇਹ ਭਾਰਤ ਵਿੱਚ ਹੀ ਹੋਣੀ ਚਾਹੀਦੀ ਹੈ।

ਕਲਾਕ੍ਰਿਤੀਆਂ ਚੋਰੀ ਹੋਈਆਂ ਜਾਂ ਗੈਰ-ਕਾਨੂੰਨੀ ਢੰਗ ਨਾਲ ਪਹੁੰਚੀਆਂ ਅਮਰੀਕਾ 

ਦੱਸ ਦੇਈਏ ਕਿ ਭਾਰਤ ਦੀਆਂ 105 ਪ੍ਰਾਚੀਨ ਅਤੇ ਇਤਿਹਾਸਕ ਮੂਰਤੀਆਂ ਨੂੰ ਅਮਰੀਕਾ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਇਹ ਮੂਰਤੀਆਂ ਦੂਜੀ ਤੋਂ ਤੀਜੀ ਸਦੀ ਤੋਂ ਲੈ ਕੇ 18ਵੀਂ ਤੋਂ 19ਵੀਂ ਸਦੀ ਦੀਆਂ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਨੇ ਕਿਹਾ ਸੀ ਕਿ ਅਸੀਂ ਕਲਾ ਸੰਗ੍ਰਹਿ ਭਾਰਤ ਨੂੰ ਵਾਪਸ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ। ਕਈ ਵਾਰ ਭਾਰਤ ਤੋਂ ਕਲਾਕ੍ਰਿਤੀਆਂ ਚੋਰੀ ਹੋ ਕੇ ਜਾਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਦੁਨੀਆ ਦੇ ਹੋਰ ਦੇਸ਼ਾਂ ਵਿਚ ਪਹੁੰਚ ਜਾਂਦੀਆਂ ਹਨ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਵਾਸ਼ਿੰਗਟਨ ਵਿੱਚ ਡਾਇਸਪੋਰਾ ਨਾਲ ਇੱਕ ਮੀਟਿੰਗ ਵਿੱਚ ਕਿਹਾ ਸੀ ਕਿ “ਮੈਨੂੰ ਖੁਸ਼ੀ ਹੈ ਕਿ ਅਮਰੀਕੀ ਸਰਕਾਰ ਨੇ ਭਾਰਤ ਦੀਆਂ 100 ਤੋਂ ਵੱਧ ਪੁਰਾਤਨ ਵਸਤਾਂ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਸਾਡੇ ਕੋਲੋਂ ਚੋਰੀ ਹੋ ਗਈਆਂ ਸਨ। ਮੈਂ ਇਸ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਦਾ ਹਾਂ।" ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਮਰੀਕਾ ਦੇ ਦੌਰੇ 'ਤੇ ਗਏ ਸਨ ਤਾਂ ਭਾਰਤ ਅਤੇ ਅਮਰੀਕਾ ਵਿਚਾਲੇ ਸੱਭਿਆਚਾਰਕ ਸੰਪੱਤੀ ਸਮਝੌਤੇ 'ਤੇ ਚਰਚਾ ਹੋਈ ਸੀ। ਜਿਸ ਨਾਲ ਇਤਿਹਾਸਕ ਵਸਤੂਆਂ ਦੀ ਨਾਜਾਇਜ਼ ਕਾਲਾਬਾਜ਼ਾਰੀ ਨੂੰ ਰੋਕਿਆ ਜਾਵੇਗਾ। ਇਸ ਦੇ ਨਾਲ ਹੀ ਦੋਵੇਂ ਦੇਸ਼ ਇਸ ਬਾਰੇ ਗੱਲਬਾਤ ਕਰ ਰਹੇ ਹਨ ਅਤੇ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਭਵਿੱਖ ਵਿੱਚ ਵੀ ਭਾਰਤ ਦੀਆਂ ਇਤਿਹਾਸਕ ਵਸਤੂਆਂ ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੀਆਂ ਹਨ, ਨੂੰ ਵਾਪਸ ਕੀਤਾ ਜਾਵੇਗਾ।

ਅਮਰੀਕਾ ਵੈਦਿਕ ਕਾਲ ਦੀਆਂ ਮੂਰਤੀਆਂ ਕੀਤੀਆਂ ਵਾਪਸ

ਸੋਮਵਾਰ ਨੂੰ ਵਾਪਸ ਆਈਆਂ 50 ਦੇ ਕਰੀਬ ਪੁਰਾਤਨ ਵਸਤਾਂ ਹਿੰਦੂਆਂ, ਜੈਨੀਆਂ ਅਤੇ ਮੁਸਲਮਾਨਾਂ ਲਈ ਧਾਰਮਿਕ ਮਹੱਤਵ ਰੱਖਦੀਆਂ ਹਨ, ਜਦਕਿ ਬਾਕੀ ਸੱਭਿਆਚਾਰਕ ਮਹੱਤਵ ਵਾਲੀਆਂ ਹਨ। ਉਨ੍ਹਾਂ ਵਿੱਚੋਂ ਕੁਝ ਮੰਦਰਾਂ ਤੋਂ ਲੁੱਟੀਆਂ ਗਈਆਂ ਸਨ, ਜਿੱਥੇ ਉਹ ਪੂਜਾ ਦੀਆਂ ਵਸਤੂਆਂ ਸਨ। ਮੈਨਹਟਨ ਪ੍ਰੌਸੀਕਿਊਟਰ ਦੇ ਦਫਤਰ ਤੋਂ ਜਾਰਡਨ ਸਟਾਕਡੇਲ ਨੇ ਕਿਹਾ ਕਿ ਸੁਭਾਸ਼ ਕਪੂਰ ਅਤੇ ਉਸ ਦੇ ਬਹੁ-ਰਾਸ਼ਟਰੀ ਆਪਰੇਟਰਾਂ ਦੇ ਗਰੋਹ ਦੁਆਰਾ ਕਥਿਤ ਤੌਰ 'ਤੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਦੀ ਤਸਕਰੀ ਕੀਤੀ ਗਈ ਸੀ। ਉਸਨੇ ਕਿਹਾ ਕਿ "ਅਸੀਂ ਤੁਹਾਨੂੰ ਉਹ ਅਨਮੋਲ ਖਜ਼ਾਨਾ ਵਾਪਸ ਕਰਨ ਲਈ ਉਤਸ਼ਾਹਿਤ ਹਾਂ."

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਸਿੰਗਾਪੁਰ 'ਚ ਭਾਰਤੀ ਮੂਲ ਦੇ ਤਿੰਨ ਵਿਅਕਤੀ ਸੰਸਦ ਦੇ ਨਾਮਜ਼ਦ ਮੈਂਬਰ ਵਜੋਂ ਨਿਯੁਕਤ

ਮੈਨਹਟਨ ਪ੍ਰੌਸੀਕਿਊਟਰ ਦੇ ਦਫਤਰ ਨੇ 2021 ਵਿੱਚ 15 ਮਿਲੀਅਨ ਡਾਲਰ ਦੀ ਕੀਮਤ ਦੀਆਂ 248 ਪੁਰਾਣੀਆਂ ਚੀਜ਼ਾਂ ਦਾ ਇੱਕ ਬੈਚ ਭਾਰਤ ਨੂੰ ਵਾਪਸ ਕੀਤਾ, ਅਤੇ ਪਿਛਲੇ ਅਕਤੂਬਰ ਵਿੱਚ 4 ਮਿਲੀਅਨ ਡਾਲਰ ਦੀ ਕੀਮਤ ਦੀਆਂ 307 ਚੀਜ਼ਾਂ ਦਾ ਇੱਕ ਹੋਰ ਬੈਚ ਭੇਜਿਆ। ਕਪੂਰ ਨੂੰ ਪਿਛਲੇ ਨਵੰਬਰ ਵਿਚ ਤਾਮਿਲਨਾਡੂ ਦੇ ਕੁੰਬਕੋਨਮ ਦੀ ਇਕ ਅਦਾਲਤ ਨੇ ਮੰਦਰਾਂ ਤੋਂ ਮੂਰਤੀਆਂ ਚੋਰੀ ਕਰਨ ਦੇ ਦੋਸ਼ ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਜਰਮਨੀ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਅਤੇ ਅਮਰੀਕਾ ਹਵਾਲੇ ਕੀਤੇ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ, ਜਿੱਥੇ ਉਸ 'ਤੇ ਨਿਊਯਾਰਕ ਵਿਚ ਚੋਰੀ ਕੀਤੀਆਂ ਵਸਤੂਆਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਟਾਕਡੇਲ ਨੇ ਕਿਹਾ ਕਿ 145 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ 2,500 ਤੋਂ ਵੱਧ ਕਲਾਕ੍ਰਿਤੀਆਂ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਨ੍ਹਾਂ ਵਿੱਚੋਂ ਹੋਰ ਭਾਰਤ ਨੂੰ ਵਾਪਸ ਕਰ ਦਿੱਤੇ ਜਾਣਗੇ। ਉੱਧਰ ਆਸਟ੍ਰੇਲੀਆ ਨੇ 2015 ਵਿੱਚ ਕਪੂਰ ਤੋਂ ਹਾਸਲ ਕੀਤੀ ਅਰਧਨਾਰੀਸ਼ਵਰ ਦੀ ਮੂਰਤੀ ਭਾਰਤ ਨੂੰ ਵਾਪਸ ਕਰ ਦਿੱਤੀ ਅਤੇ ਇਸਦੀ ਨੈਸ਼ਨਲ ਆਰਟ ਗੈਲਰੀ ਨੇ 2021 ਵਿੱਚ ਕਿਹਾ ਕਿ ਉਹ 14 ਹੋਰ ਕਲਾਕ੍ਰਿਤੀਆਂ ਨੂੰ ਵਾਪਸ ਭੇਜੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News