ਆਜ਼ਾਦੀ ਦੇ ਸੰਘਰਸ਼ ਨੂੰ ਵਿਦੇਸ਼ਾਂ ‘ਚ ਖ਼ਤਮ ਕਰਨ ਲਈ ਭਾਰਤ ਹਿੰਸਾ ਵਰਤ ਰਿਹੈ- ਖਾਲਿਸਤਾਨ ਜਲਾਵਤਨ ਸਰਕਾਰ

07/13/2023 3:12:56 PM

ਲੰਡਨ (ਸਰਬਜੀਤ ਸਿੰਘ ਬਨੂੜ)- ਭਾਰਤੀ ਫੌਜ ਦੇ ਰਿਟਾਇਰਡ ਮੇਜਰ ਆਰੀਆ ਵੱਲੋਂ ਸੋਸ਼ਲ ਮੀਡੀਆ ਰਾਹੀਂ ਬਿਆਨਬਾਜ਼ੀ ਕਰਕੇ ਸਿੱਖਾਂ ਦੇ ਖਿਲਾਫ਼ ਭੜਕਾਹਟ ਪੈਦਾ ਕਰਨ 'ਤੇ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਨੂੰ ਖਾਲਿਸਤਾਨੀਆਂ ਨੂੰ ਇੱਕ-ਇੱਕ ਕਰਕੇ ਖਤਮ ਕੀਤੇ ਜਾਣ ਦੇ ਬਿਆਨ 'ਤੇ ਖਾਲਿਸਤਾਨ ਜਲਾਵਤਨ ਸਰਕਾਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਕਤ ਵਿਚਾਰ ਪੇਸ਼ ਕਰਦਿਆਂ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਜਥੇਦਾਰ ਗੁਰਮੇਜ ਸਿੰਘ ਗਿੱਲ ਯੂ. ਕੇ., ਜਥੇਦਾਰ ਬਲਬੀਰ ਸਿੰਘ ਯੂ. ਕੇ., ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਬੱਬਰ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਅਜਿਹੀ ਬਿਆਨਬਾਜ਼ੀ ਤੋਂ ਸਿੱਖ ਡਰਦੇ ਨਹੀਂ ਹਨ ਪਰ ਇਸ ਦਾ ਸਿੱਖ ਬੜੀ ਬਾਰੀਕੀ ਨਾਲ ਨੋਟਿਸ ਲੈ ਰਹੇ ਹਨ ਅਤੇ ਨਾਲ ਹੀ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਭੜਕਾਊ ਬਿਆਨਬਾਜ਼ੀ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ।

ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਵਿੱਚ ਭਾਰਤੀ ਫੌਜ ਦੇ ਰਿਟਾਇਰਡ ਮੇਜਰ ਆਰੀਆ ਇਹ ਮਸ਼ਵਰਾ ਵੀ ਦੇ ਰਿਹਾ ਹੈ ਕਿ ਭਾੜੇ ਦੇ ਕਾਤਲ ਖਰੀਦ ਕੇ ਵਿਦੇਸ਼ਾਂ ਵਿੱਚ ਖਾਲਿਸਤਾਨੀਆਂ ਉਤੇ ਹਮਲੇ ਕੀਤੇ ਜਾਣ। ਪੰਥਕ ਆਗੂਆਂ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਉਹ ਸੋਚਦਾ ਹੈ ਕਿ ਸਿੱਖ ਭੜਕਾਹਟ ਵਿਚ ਆ ਕੇ ਕੋਈ ਅਜਿਹਾ ਕਦਮ ਚੁੱਕਣਗੇ ਜਿਸ ਨਾਲ ਸਿੱਖਾਂ ਵੱਲੋਂ ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਪ੍ਰਚਾਰ ਦੀ ਲਹਿਰ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਖਾਲਸਾ ਰਾਜ ਦੇ ਸਾਡੇ ਯੋਧਿਆਂ ਦੀਆਂ ਹਾਲ ਹੀ ਵਿੱਚ ਹੋਈਆਂ ਸ਼ਹਾਦਤਾਂ ਜਿਹਨਾਂ ਵਿੱਚ ਭਾਈ ਪ੍ਰਮਜੀਤ ਸਿੰਘ ਪੰਜਵੜ੍ਹ ਦੀ ਗੋਲੀਆਂ ਮਾਰ ਕੇ ਹੱਤਿਆ, ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣੀ, ਅਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੁਰਦੁਆਰੇ ਦੀ ਕਾਰ ਪਾਰਕ ਵਿੱਚ ਸ਼ਰੇਆਮ ਗੋਲੀਆਂ ਮਾਰਨਾ ਕੋਈ ਆਮ ਜਿਹੀ ਗੱਲ ਨਹੀਂ ਹੈ। ਸਾਨੂੰ ਭਾਰਤੀ ਏਜੰਸੀਆਂ ਉਤੇ ਪੂਰਾ ਸ਼ੱਕ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਖਤਮ ਕਰਨ ਲਈ ਭਾਰਤ ਹਿੰਸਾ ਵਰਤ ਰਿਹਾ ਹੈ, ਜਦ ਕਿ ਸਿੱਖ ਲੋਕਤੰਤਰਿਕ ਢੰਗ ਨਾਲ ਦੇਸ਼ ਵਿਦੇਸ਼ ਵਿੱਚ ਆਪਣੀ ਮੁਹਿੰਮ ਨੂੰ ਚਲਾ ਰਹੇ ਹਨ, ਜੋ ਅੱਜਕਲ੍ਹ ਦੇ ਲੋਕਤੰਤਰਿਕ ਯੁੱਗ ਵਿੱਚ ਵੋਟ ਰਾਹੀਂ ਆਪਣੀ ਅਵਾਜ਼ ਬੁਲੰਦ ਕਰਨਾ ਤੇ ਆਪਣੇ ਹੱਕਾਂ ਦਾ ਪ੍ਰਗਟਾਵਾ ਕਰਨਾ ਕਿਸੇ ਵੀ ਤਰ੍ਹਾਂ ਗਲਤ ਜਾਂ ਗੈਰ ਕਾਨੂੰਨੀ ਨਹੀਂ ਹੈ।

ਵਿਦੇਸ਼ਾਂ ਖਾਸ ਕਰਕੇ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਵਿੱਚ ਖਾਲਿਸਤਾਨ ਦੀ ਸ਼ਾਂਤੀ ਪੂਰਨ ਚੱਲ ਰਹੀ ਮੁਹਿੰਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਕਾਰਨ ਭਾਰਤ ਸਰਕਾਰ ਬੌਖਲਾਹਟ ਵਿੱਚ ਆ ਕੇ ਸਿੱਖਾਂ ਨੂੰ ਕਤਲ ਕਰਵਾ ਰਹੀ ਹੈ। ਇੰਝ ਕਰਨ ਨਾਲ ਸਿੱਖਾਂ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਕੋਈ ਫਰਕ ਨਹੀਂ ਪੈਣਾ। ਭਾਈ ਨਿੱਝਰ ਦੇ ਸੰਸਕਾਰ ਅਤੇ ਅੰਤਿਮ ਅਰਦਾਸ ਮੌਕੇ ਜੁੜੇ 80 ਹਜ਼ਾਰ ਸਿੱਖਾਂ ਦੇ ਇਕੱਠ ਨੇ ਦੱਸ ਦਿੱਤਾ ਹੈ ਕਿ ਇਕ ਨਿੱਝਰ ਦੇ ਸ਼ਹੀਦ ਹੋਣ ਨਾਲ ਕਾਫਲਾ ਰੁਕੇਗਾ ਨਹੀਂ, ਸਗੋਂ ਹੋਰ ਵੱਡਾ ਹੋਵੇਗਾ। ਉਕਤ ਆਗੂਆਂ ਨੇ ਹੋਰ ਕਿਹਾ ਕਿ ਖਾਲਿਸਤਾਨੀ ਹੋਣਾ ਕੋਈ ਅੱਤਵਾਦੀ ਹੋਣਾ ਨਹੀਂ ਹੈ। ਭਾਰਤ ਇਸ ਨੂੰ ਇਕ ਹਊਏ ਦੇ ਰੂਪ ਵਿਚ ਪੇਸ਼ ਕਰਕੇ ਸਿਖਾਂ ਦੇ ਅਮਨ-ਪਸੰਦ ਕਾਜ ਨੂੰ ਅਸਫ਼ਲ ਕਰਨਾ ਚਾਹੁੰਦਾ ਹੈ, ਪਰ ਭਾਰਤੀ ਪ੍ਰਸ਼ਾਸਨ ਨੂੰ ਇਸ ਚਾਲ ਵਿਚ ਕਾਮਯਾਬ ਨਹੀਂ ਹੋਣ ਦਿਆਂਗੇ। ਅੱਤਵਾਦੀ ਹਮਲੇ ਤਾਂ ਸਗੋਂ ਭਾਰਤ ਵਲੋ  ਸਿੱਖਾਂ ਉੱਤੇ ਕਰ ਰਿਹਾ ਹੈ। ਜਲਾਵਤਨ ਸਰਕਾਰ ਦੇ ਆਗੂਆਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਆਫਤ ਲਈ ਭਾਰਤ ਤੇ ਪੰਜਾਬ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰ ਤੇ ਪੰਜਾਬ ਦੋਵੇਂ ਸਰਕਾਰਾਂ ਪੰਜਾਬੀਆਂ ਦੇ ਜਾਨ ਮਾਲ ਦੀ ਰੱਖਿਆ ਕਰਨ ਵਿੱਚ ਅਸਫਲ ਰਹੀਆਂ ਹਨ। ਉਹਨਾਂ ਕਿਹਾ ਆਮ ਹਾਲਤ ਵਿੱਚ ਪੰਜਾਬ ਦੇ ਕੁਦਰਤੀ ਸਾਧਨਾਂ ਪਾਣੀ / ਬਿਜਲੀ ਦਾ ਲਾਭ ਪੰਜਾਬ ਨਾਲੋਂ ਵੱਧ ਦੂਜੇ ਸੂਬੇ ਉਠਾ ਰਹੇ ਨੇ, ਓਦੋਂ ਪੰਜਾਬ ਸੋਕੇ ਦੀ ਮਾਰ ਝੱਲਦਾ ਹੈ। ਹੁਣ ਜਦੋਂ ਪਾਣੀ ਵਧੇਰੇ ਹੋ ਗਿਆ ਤਾਂ ਪੰਜਾਬ ਨੂੰ ਡੋਬ ਦਿੱਤਾ ਗਿਆ। ਇਸ ਲਈ ਪੰਜਾਬ ਦਾ ਅਜ਼ਾਦ ਖੁਦ-ਮੁਖਤਿਆਰ ਹੋਣਾ ਜ਼ਰੂਰੀ ਹੈ ਤਾਂ ਜੋ ਆਪਣੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਆਪ ਕੀਤੀ ਜਾ ਸਕੇ।
 


cherry

Content Editor

Related News