ਸੰਯੁਕਤ ਰਾਸ਼ਟਰ ’ਚ ਪੇਸ਼ ਰੂਸ ਦੇ ‘ਨਾਜਾਇਜ਼ ਰੈਫਰੈਂਡਮ’ ਮਤੇ ’ਤੇ ਭਾਰਤ ਨੇ ਬਣਾਈ ਦੂਰੀ
Sunday, Oct 02, 2022 - 10:21 AM (IST)

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਵਿਚ ਅਮਰੀਕਾ ਅਤੇ ਅਲਬਾਨੀਆ ਵਲੋਂ ਪੇਸ਼ ਕੀਤੇ ਗਏ ਉਸ ਮਸੌਦਾ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿਚ ਰੂਸ ਦੇ ‘ਨਾਜਾਇਜ਼ ਰੈਫਰੈਂਡਮ’ ਅਤੇ ਯੁਕ੍ਰੇਨੀ ਖੇਤਰਾਂ ’ਤੇ ਉਸਦੇ ਕਬਜ਼ੇ ਦੀ ਨਿੰਦਾ ਕੀਤੀ ਗਈ ਹੈ। ਇਸ ਮਤੇ ਵਿਚ ਮੰਗ ਕੀਤੀ ਗਈ ਸੀ ਕਿ ਰੂਸ ਯੂਕ੍ਰੇਨ ਤੋਂ ਆਪਣੀ ਫੋਰਸਾਂ ਨੂੰ ਤੁਰੰਤ ਵਾਪਸ ਬੁਲਾਏ। ਪ੍ਰੀਸ਼ਦ ਦੇ 15 ਦੇਸ਼ਾਂ ਨੂੰ ਇਸ ਮਤੇ ’ਤੇ ਵੋਟਿੰਗ ਕਰਨੀ ਸੀ, ਪਰ ਰੂਸ ਨੇ ਇਸਦੇ ਖ਼ਿਲਾਫ਼ ਵੀਟੋ ਦਾ ਇਸਤੇਮਾਲ ਕੀਤਾ, ਜਿਸਦੇ ਕਾਰਨ ਪ੍ਰਸਤਾਵ ਪਾਸ ਨਹੀਂ ਹੋ ਸਕਿਆ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੂੰ ਝਟਕਾ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨੇ ਮਿਲ ਕੇ ਕੰਮ ਕਰਨ ਦਾ ਲਿਆ ਸੰਕਲਪ
ਇਸ ਮਤੇ ਦੇ ਸਮਰਥਨ ਵਿਚ 10 ਦੇਸ਼ਾਂ ਨੇ ਵੋਟਿੰਗ ਕੀਤੀ ਅਤੇ ਚਾਰ ਦੇਸ਼ ਚੀਨ, ਗਾਬੋਨ, ਭਾਰਤ ਅਤੇ ਬ੍ਰਾਜ਼ੀਲ ਵੋਟਿੰਗ ਵਿਚ ਸ਼ਾਮਲ ਨਹੀਂ ਹੋਏ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਦੋਨੇਤਸਕ, ਲੁਹਾਂਸਕ, ਖੇਰਸਾਨ ਅਤੇ ਜਾਪੋਰਿਜਿਆ ਖੇਤਰਾਂ ’ਤੇ ਕਬਜ਼ਾ ਜਮਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ। ਵੋਟਿੰਗ ਤੋਂ ਬਾਅਦ ਪ੍ਰੀਸ਼ਦ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ ਕਿ ਯੂਕ੍ਰੇਨ ਵਿਚ ਹਾਲ ਦੇ ਘਟਨਾਚੱਕਰ ਤੋਂ ਭਾਰਤ ਬਹੁਤ ਚਿੰਤਤ ਹੈ ਅਤੇ ਉਸਨੇ ਹਮੇਸ਼ਾ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਮਨੁੱਖੀ ਜੀਵਨ ਦੀ ਕੀਮਤ ’ਤੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਉਸਨੇ ਵੋਟਿੰਗ ਤੋਂ ਦੂਰ ਰਹਿਣ ’ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਬੰਧਤ ਧਿਰ ਤਤਕਾਲ ਹਿੰਸਾ ਅਤੇ ਦੁਸ਼ਮਣੀ ਨੂੰ ਖਤਮ ਕਰਨ ਲਈ ਹਰਸੰਭਵ ਕੋਸ਼ਿਸ਼ ਕਰੇ।