‘PM ਮੋਦੀ ਦੀ ਅਗਵਾਈ ’ਚ ਪਾਕਿ ਨੂੰ ਕਰਾਰਾ ਜਵਾਬ ਦੇ ਸਕਦੈ ਭਾਰਤ’
Wednesday, Apr 14, 2021 - 12:04 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੀ ‘ਇੰਟੈਲੀਜੈਂਸ ਕਮਿਊਨਿਟੀ’ (ਖੁਫੀਆ ਵਿਭਾਗਾਂ ਦੇ ਸਮੂਹ) ਨੇ ਸੰਸਦ ਨੂੰ ਸੌਂਪੀ ਗਈ ਇਕ ਰਿਪੋਰਟ ’ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ, ਪਾਕਿਸਤਾਨ ਵਲੋਂ ਕੀਤੀ ਗਈ ਪ੍ਰਤੱਖ ਜਾਂ ਅਪ੍ਰਤੱਖ ਉਕਸਾਉਣ ਵਾਲੀ ਕਾਰਵਾਈ ਦਾ ਜਵਾਬ ਪਹਿਲਾਂ ਦੇ ਮੁਕਾਬਲੇ ਹੁਣ ਹੋਰ ਜ਼ਿਆਦਾ ਫੌਜੀ ਤਾਕਤ ਨਾਲ ਦੇ ਸਕਦਾ ਹੈ। ਆਫਿਸ ਆਫ ਦਿ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓ. ਡੀ. ਐੱਨ.ਆਈ.) ਨੇ ਅਮਰੀਕੀ ਕਾਂਗਰਸ ਨੂੰ ਸੌਂਪੀ ਆਪਣੀ ਸਾਲਾਨਾ ਸਮੀਖਿਆ ਰਿਪੋਰਟ ’ਚ ਕਿਹਾ ਹੈ ਕਿ ਹਾਲਾਂਕਿ ਭਾਰਤ, ਪਾਕਿਸਤਾਨ ਦਰਮਿਆਨ ਰਵਾਇਤੀ ਯੁੱਧ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ, ਫਿਰ ਵੀ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵਧਣ ਦਾ ਖਦਸ਼ਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ, ਪਾਕਿਸਤਾਨ ਵਲੋਂ ਕੀਤੀ ਗਈ ਪ੍ਰਤੱਖ ਜਾਂ ਅਪ੍ਰਤੱਖ ਉਕਸਾਉਣ ਵਾਲੀ ਕਾਰਵਾਈ ਦਾ ਜਵਾਬ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਫੌਜੀ ਤਾਕਤ ਨਾਲ ਦੇ ਸਕਦਾ ਹੈ ਤੇ ਤਣਾਅ ਵਧਣ ਨਾਲ ਪ੍ਰਮਾਣੂ ਹਥਿਆਰ ਸੰਪੰਨ ਦੋਵਾਂ ਦੇਸ਼ਾਂ ਦਰਮਿਆਨ ਸੰਘਰਸ਼ ਦਾ ਖਤਰਾ ਵਧ ਗਿਆ ਹੈ। ਕਸ਼ਮੀਰ ’ਚ ਅਸ਼ਾਂਤੀ ਦਾ ਹਿੰਸਕ ਮਾਹੌਲ ਜਾਂ ਭਾਰਤ ’ਚ ਅੱਤਵਾਦੀ ਹਮਲੇ ਨਾਲ ਇਸ ਦਾ ਖਦਸ਼ਾ ਹੈ । ਓ. ਡੀ. ਐੱਨ. ਆਈ. ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ, ਇਰਾਕ ਤੇ ਸੀਰੀਆ ’ਚ ਚੱਲ ਰਹੇ ਯੁੱਧ ਨਾਲ ਅਮਰੀਕੀ ਫੌਜਾਂ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ ਤੇ ਪ੍ਰਮਾਣੂ ਹਥਿਆਰ ਸੰਪੰਨ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵਿਸ਼ਵ ’ਚ ਚਿੰਤਾ ਦਾ ਕਾਰਨ ਹੈ। ਅਫਗਾਨਿਸਤਾਨ ’ਤੇ ਓ. ਡੀ. ਐੱਨ. ਆਈ. ਦੀ ਰਿਪੋਰਟ ਨੇ ਕਿਹਾ ਕਿ ਅਗਲੇ ਸਾਲ ਦੌਰਾਨ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਘੱਟ ਰਹੇਗੀ।