ਭਾਰਤ, ਅਮਰੀਕਾ 2-ਪੱਖੀ ਰਣਨੀਤਕ ਸਹਿਯੋਗ ਨੂੰ ਹੋਰ ਵਧਾਉਣ ''ਤੇ ਸਹਿਮਤ
Thursday, Dec 19, 2019 - 11:58 PM (IST)

ਵਾਸ਼ਿੰਗਟਨ - ਭਾਰਤ ਅਤੇ ਅਮਰੀਕਾ ਰੱਖਿਆ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਵਪਾਰ ਜਿਹੇ ਅਹਿਮ ਖੇਤਰਾਂ 'ਚ ਆਪਣੇ ਰਣਨੀਤਕ ਸਹਿਯੋਗ ਨੂੰ ਹੋਰ ਵਧਾਉਣ 'ਤੇ ਸਹਿਮਤ ਹੋਏ ਹਨ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਨੇ ਸ਼ਾਂਤੀਪੂਰਣ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਤ ਖੇਤਰ ਲਈ ਬਰਾਬਰ ਸਮਝ ਵਾਲੇ ਦੇਸ਼ਾਂ ਦੇ ਨਾਲ ਕੰਮ ਕਰਨ ਦੀ ਵੀ ਸਹਿਮਤੀ ਸਾਂਝੀ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਇਤਿਹਾਸਕ ਮਹਾਦੋਸ਼ ਵੋਟ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ, ਰੱਖਿਆ ਮੰਤਰੀ ਮਾਰਕ ਐਸਪਰ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਾਲੇ ਬੁੱਧਵਾਰ ਨੂੰ ਵਿਦੇਸ਼ ਵਿਭਾਗ 'ਚ ਹੋਈ ਦੂਜੀ 2+2 ਵਾਰਤਾ 'ਚ ਪੱਤਰਕਾਰਾਂ ਨੂੰ ਆਖਿਆ ਕਿ ਸਾਡੇ ਸਹਿਯੋਗ ਦਾ ਟੀਚਾ ਆਜ਼ਾਦ, ਖੁਲ੍ਹੇ, ਸ਼ਾਂਤੀਪੂਰਣ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਤ ਖੇਤਰ ਨੂੰ ਹੱਲਾਸ਼ੇਰੀ ਦੇਣਾ ਹੈ। ਉਨ੍ਹਾਂ ਆਖਿਆ ਕਿ ਅਸੀਂ ਵਿਦੇਸ਼ ਨੀਤੀ ਅਤੇ ਰੱਖਿਆ ਦੇ ਦ੍ਰਿਸ਼ਟੀਕੋਣ ਨਾਲ ਸਾਰੇ ਖੇਤਰਾਂ 'ਚ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਨਵੀਆਂ ਤਰਜੀਹਾਂ ਨੂੰ ਰੇਖਾਂਕਿਤ ਕੀਤਾ।
2+2 ਵਾਰਤਾ ਦੇ ਦੂਜੇ ਐਡੀਸ਼ਨ ਦੌਰਾਨ ਭਾਰਤ ਅਤੇ ਅਮਰੀਕਾ ਆਪਣੇ ਰੱਖਿਆ ਸਬੰਧਾਂ ਨੂੰ ਵਧਾਉਣ 'ਤੇ ਸਹਿਮਤ ਹੋਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਮਜ਼ਬੂਤ ਭਾਰਤ-ਅਮਰੀਕਾ ਰੱਖਿਆ ਸਬੰਧ ਰਣਨੀਤਕ ਦੋ-ਪੱਖੀ ਸਾਂਝੇਦਾਰੀ ਦਾ ਇਕ ਵਿਭਿੰਨ ਹਿੱਸਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁਝ ਸਾਲਾਂ 'ਚ ਅਸੀਂ ਆਪਣੇ ਹਥਿਆਰਾਂ ਦੀ ਖਰੀਦ 'ਚ ਵਿਭਿੰਨਤਾ ਲਿਆਉਣ ਅਤੇ ਸਵਦੇਸ਼ੀ ਕਰਨ ਦਾ ਇਕ ਫੈਸਲਾ ਲਿਆ ਹੈ। ਅਮਰੀਕਾ ਦੇ ਨਾਲ ਵਧਿਆ ਹੋਇਆ ਰੱਖਿਆ ਵਪਾਰ ਇਸ ਦਾ ਇਕ ਅਹਿਮ ਪਹਿਲੂ ਹੈ। ਸਿੰਘ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ 'ਚ ਗਤੀਸ਼ੀਲਤਾ ਬਣਾਏ ਰੱਖਣ ਦੇ ਸੰਦਰਭ 'ਚ 2+2 ਵਾਰਤਾ ਨੂੰ ਸਾਰਥਕ ਅਤੇ ਸਫਲ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਬੈਠਕ ਦੌਰਾਨ ਅਸੀਂ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਹਿੰਦ ਮਹਾਸਾਗਰ ਖੇਤਰ 'ਚ ਸਥਿਤੀ 'ਤੇ ਆਪਣੇ ਅੰਦਾਜ਼ੇ ਨੂੰ ਸਾਂਝਾ ਕੀਤਾ। ਅਸੀਂ ਦੱਸਿਆ ਕਿ ਪਾਕਿਸਤਾਨੀ ਨੇਤਾਵਾਂ ਵੱਲੋਂ ਭਾਰਤ ਵਿਰੋਧੀ, ਉਰਗ ਬਿਆਨਬਾਜ਼ੀ ਸ਼ਾਂਤੀ ਦੇ ਅਨੁਕੂਲ ਨਹੀਂ ਹੈ।
ਰੱਖਿਆ ਮੰਤਰੀ ਸਿੰਘ ਨੇ ਆਖਿਆ ਕਿ ਭਾਰਤ ਤੇ ਅਮਰੀਕਾ ਆਜ਼ਾਦ ਅਤੇ ਸ਼ਾਂਤੀਪੂਰਣ ਹਿੰਦ ਪ੍ਰਸ਼ਾਂਤ ਦਾ ਦ੍ਰਿਸ਼ਟੀਕੋਣ ਰੱਖਦੇ ਹਨ ਅਤੇ ਸਾਨੂੰ ਲੱਗਦਾ ਹੈ ਕਿ ਇਹ ਭਾਰਤ ਨੂੰ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਸਰਹੱਦ 'ਤੇ ਅੱਤਵਾਦ ਦੇ ਬਾਰੇ 'ਚ ਗੱਲ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਸਮਝਦੇ ਹਾਂ ਅਤੇ ਪਾਕਿਸਤਾਨ ਤੋਂ ਹੋਣ ਵਾਲੇ ਅੱਤਵਾਦ ਦੇ ਬਾਰੇ 'ਚ ਭਾਰਤ ਦੀਆਂ ਚਿੰਤਾਵਾਂ ਸਹੀ ਹਨ ਅਤੇ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਧਿਆਨ 'ਚ ਰਖਾਂਗੇ। ਪੋਂਪੀਓ ਨੇ ਆਖਿਆ ਕਿ ਅਸੀਂ ਅੱਤਵਾਦ ਦੇ ਖਤਰੇ 'ਤੇ ਅਮਰੀਕੀ ਲੋਕਾਂ ਦੀ ਰੱਖਿਆ ਲਈ ਵਚਨਬੱਧ ਹਾਂ ਅਤੇ ਸਾਡਾ ਭਾਰਤ ਦੇ ਲੋਕਾਂ ਦੀ ਰੱਖਿਆ ਲਈ ਭਾਰਤੀਆਂ ਦੀ ਤਰ੍ਹਾਂ ਆਪਣੇ ਮਹਾਨ ਲੋਕਤਾਂਤਰਿਕ ਦੋਸਤਾਂ ਦੇ ਨਾਲ ਕੰਮ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਅਸੀਂ ਇਸ 'ਤੇ ਕੰਮ ਕਰਨਾ ਜਾਰੀ ਰਖਾਂਗੇ। ਉਨ੍ਹਾਂ ਆਖਿਆ ਕਿ ਅੱਜ ਦੀ ਇਹ ਵਾਰਤਾ ਇਸ ਪੂਰੇ ਸਾਲ ਤਰੱਕੀ 'ਤੇ ਆਧਾਰਿਤ ਹੈ। ਅਸੀਂ ਪੁਲਾੜ 'ਚ ਖੋਜ, ਰੱਖਿਆ ਅਤੇ ਉਦਯੋਗਿਕ ਤਾਲਮੇਲ ਜਿਹੇ ਖੇਤਰਾਂ 'ਚ ਨਵੇਂ ਸਮਝੌਤੇ ਕੀਤੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਖਿਆ ਕਿ ਭਾਰਤ ਅਤੇ ਅਮਰੀਕਾ ਨੇ ਚੁਣੌਤੀਆਂ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਨ੍ਹਾਂ 'ਚ ਐੱਫ. ਏ. ਟੀ. ਐੱਫ. 'ਚ ਹੱਥ ਮਿਲਾ ਕੇ ਕੰਮ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਭਾਰਤੀ ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਸਮੱਸਿਆਵਾਂ ਨੂੰ ਵੀ ਚੁੱਕਦੇ ਹੋਏ ਆਖਿਆ ਕਿ ਆਜ਼ਾਦ ਅਤੇ ਬਿਨਾਂ ਭੇਦਭਾਵ ਦੇ ਲੋਕਾਂ ਦੀ ਆਵਾਜਾਈ ਨੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਅਹਿਮ ਯੋਗਦਾਨ ਦਿੱਤਾ ਹੈ। ਜੈਸ਼ੰਕਰ ਨੇ ਦੱਸਿਆ ਕਿ ਬੈਠਕ ਦੌਰਾਨ ਜਿਨ੍ਹਾਂ ਅਹਿਮ ਮੁੱਦਿਆਂ 'ਤੇ ਚਰਚਾ ਹੋਈ ਉਨ੍ਹਾਂ 'ਚ ਹਿੰਦ ਪ੍ਰਸ਼ਾਂਤ ਖੇਤਰ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਸਾਡੇ ਸਹਿਯੋਗ ਦਾ ਟੀਚਾ ਸੁਤੰਤਰ, ਖੁਲ੍ਹੇ, ਸ਼ਾਂਤੀਪੂਰਣ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਨੂੰ ਹੱਲਾਸ਼ੇਰੀ ਦੇਣਾ ਹੈ।