ਸ਼੍ਰੀਲੰਕਾ ਦੀ ਕਰਜ਼ ਯੋਜਨਾ ਨੂੰ ਭਾਰਤ ਦਾ ਖੁੱਲ੍ਹਾ ਸਮਰਥਨ, ਚੀਨ ਦਾ ਜਵਾਬ ਗੋਲ-ਮੋਲ

Monday, Jan 23, 2023 - 11:11 AM (IST)

ਸ਼੍ਰੀਲੰਕਾ ਦੀ ਕਰਜ਼ ਯੋਜਨਾ ਨੂੰ ਭਾਰਤ ਦਾ ਖੁੱਲ੍ਹਾ ਸਮਰਥਨ, ਚੀਨ ਦਾ ਜਵਾਬ ਗੋਲ-ਮੋਲ

ਕੋਲੰਬੋ (ਏ. ਐੱਨ. ਆਈ.)– ਆਰਥਿਕ ਸੰਕਟ ’ਚ ਘਿਰੇ ਸ਼੍ਰੀਲੰਕਾ ਨੂੰ ਭਾਰਤ ਜਿੰਨਾ ਵੱਧ ਆਰਥਿਕ ਸਮਰਥਨ ਦੇ ਰਿਹਾ ਹੈ, ਉਸ ਦੇ ਮੁਕਾਬਲੇ ’ਚ ਚੀਨ ਦਾ ਸਮਰਥਨ ਬਹੁਤ ਢਿੱਲਾ ਹੈ। ਚੀਨ ਦੇ ਅਜਿਹੇ ਸਮਰਥਨ ਤੋਂ ਸ਼੍ਰੀਲੰਕਾ ਨੂੰ ਬਹੁਤਾ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸ਼੍ਰੀਲੰਕਾ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਤੋਂ ਜੋ ਕਰਜ਼ਾ ਲੈਣਾ ਚਾਹੁੰਦਾ ਹੈ, ਉਸ ਲਈ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੀ ਸ਼੍ਰੀਲੰਕਾ ਲਈ ਵਚਨਬੱਧਤਾ ਆਈ. ਐੱਮ. ਐੱਫ. ਦੇ ਸਾਹਮਣੇ ਉਸ ਦੇ ਕੇਸ ਨੂੰ ਮਜ਼ਬੂਤ ਕਰਦਾ ਹੈ।

ਭਾਰਤ ਨੇ ਤਾਂ ਬਿਨਾਂ ਸ਼ਰਤ ਕਰਜ਼ੇ ਦੇ ਪੁਨਰਗਠਨ ਨੂੰ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ ਪਰ ਚੀਨ ਗੋਲ-ਮੋਲ ਢੰਗ ਨਾਲ ਇਹ ਗੱਲ ਕਰ ਰਿਹਾ ਹੈ। ‘ਦਿ ਸੰਡੇ ਮਾਰਨਿੰਗ’ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ ਪਿਛਲੇ ਹਫ਼ਤੇ ਸ਼੍ਰੀਲੰਕਾ ਦੇ ਵਿੱਤ ਮੰਤਰਾਲਾ ਨੂੰ ਪੱਤਰ ਭੇਜਿਆ ਸੀ, ਜਿਸ ’ਚ ਸ਼੍ਰੀਲੰਕਾ ਲਈ ਆਈ. ਐੱਮ. ਐੱਫ. ਪ੍ਰੋਗਰਾਮ ਨੂੰ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ ਪਰ ਚੀਨ ਨੇ ਕਿਹਾ, ‘‘ਅਸੀਂ ਕਰਜ਼ੇ ਦੇ ਪੁਨਰਗਠਨ ’ਤੇ ਗੱਲਬਾਤ ਜਾਰੀ ਰੱਖਾਂਗੇ ਤੇ ਵਧੀਆ ਦੀ ਉਮੀਦ ਕਰਾਂਗੇ।’’

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ 'ਚ ਆਟੇ ਲਈ ਮਾਰੋਮਾਰ, ਸਾਹਮਣੇ ਆਈ ਵੀਡੀਓ

ਚੀਨ ਦੇ ਬਿਆਨ ਦੇ ਉਲਟ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ, ਜੋ ਕੱਲ ਹੀ ਸ਼੍ਰੀਲੰਕਾ ’ਚ ਸਨ, ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ, ‘‘ਭਾਰਤ ਕਰਜ਼ੇ ਦੇ ਪੁਨਰਗਠਨ ਦਾ ਸਮਰਥਨ ਕਰਨ ਲਈ ਆਈ. ਐੱਮ. ਐੱਫ. ਪ੍ਰੋਗਰਾਮ ਦਾ ਰਸਤਾ ਸਾਫ਼ ਕਰਨ ਲਈ ਆਪਣੀ ‘ਗੁਆਂਢੀ ਪਹਿਲੀ ਨੀਤੀ’ ਤਹਿਤ ਸ਼੍ਰੀਲੰਕਾ ਦੇ ਨਾਲ ਖੜ੍ਹੇ ਹਨ।’’

ਦਲਾਈ ਲਾਮਾ ਦਾ ਚੀਨ ’ਚ ਸਵਾਗਤ ਕਰਨ ਤੋਂ ਰੋਕਣ ਲਈ ਚੀਨ ਦੀ ਧਮਕੀ
ਕੋਲੰਬੋ ਦੇ ਸੰਡੇ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼੍ਰੀਲੰਕਾ ਨੂੰ ਤਿਬੱਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਦਾ ਸਵਾਗਤ ਕਰਨ ਤੋਂ ਰੋਕਣ ਲਈ ਚੀਨ ਉਸ ਨੂੰ ਲਾਲਚ ਦੇਣ ਦੇ ਨਾਲ-ਨਾਲ ਡੰਡਾ ਵੀ ਦਿਖਾ ਰਿਹਾ ਹੈ। ਦਲਾਈ ਲਾਮਾ ਦੀ ਯਾਤਰਾ ਨੂੰ ਰੋਕਣ ਲਈ ਸ਼੍ਰੀਲੰਕਾ ’ਚ ਚੀਨ ਦੇ ਦੂਤਘਰ ਦੇ ਇੰਚਾਰਜ ਹੂ ਵੇਈ ਨੇ ਇਸ ਹਫ਼ਤੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤਾਂ ਦੇਸ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦਲਾਈ ਲਾਮਾ ਦੇ ਸ਼੍ਰੀਲੰਕਾ ਆਉਣ ਦੀ ਤਾਰੀਖ਼ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਅਮਰਪੁਰਾ ਨਿਕਯਾ ਦੇ ਇਕ ਸੀਨੀਅਰ ਭਿਕਸ਼ੂ ਵਲੋਂ ਬੋਧ ਗਯਾ ’ਚ 27 ਦਸੰਬਰ ਨੂੰ ਦਲਾਈ ਲਾਮਾ ਨੂੰ ਭੇਟ ’ਚ ਉਨ੍ਹਾਂ ਨੂੰ ਸ਼੍ਰੀਲੰਕਾ ਆਉਣ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਚੀਨ ਭੜਕਿਆ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News