ਦੁਆਬੇ ਦੇ ਇੰਦਰਪ੍ਰੀਤ ਸਿੰਘ ਨੇ ਯੂਰਪ ''ਚ ਵਧਾਇਆ ਮਾਣ, ਹਾਸਲ ਕੀਤੀ ਇਹ ਉਪਬਲਧੀ

Saturday, Mar 29, 2025 - 11:44 AM (IST)

ਦੁਆਬੇ ਦੇ ਇੰਦਰਪ੍ਰੀਤ ਸਿੰਘ ਨੇ ਯੂਰਪ ''ਚ ਵਧਾਇਆ ਮਾਣ, ਹਾਸਲ ਕੀਤੀ ਇਹ ਉਪਬਲਧੀ

ਪਾਰਮਾ (ਦਲਵੀਰ ਸਿੰਘ ਕੈਂਥ)- ਇਟਲੀ ਦੇ ਭਾਰਤੀ ਭਾਈਚਾਰੇ ਦੇ ਮੁੱਛ-ਫੁੱਟ ਨੌਜਵਾਨ ਜਿਸ ਫੌਲਾਦੀ ਇਰਾਦਿਆਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੇ ਚਿੱਬ ਕੱਢ ਰਹੇ ਹਨ ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ। ਇਸ ਵਾਰ ਇਸ ਸ਼ਲਾਘਾਯੋਗ ਕਾਰਜ ਵਿੱਚ ਨੋਵੇਲਾਰਾ ਦੇ ਰਹਿਣ ਵਾਲੇ ਅਤੇ ਪੰਜਾਬ ਵਿੱਚੋਂ ਦੁਆਬੇ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸੁੱਜੋਂ ਦੇ ਸਿੱਖ ਪਰਿਵਾਰ ਨਾਲ ਸਬੰਧਤ ਨੌਜਵਾਨ ਇੰਦਰਪ੍ਰੀਤ ਸਿੰਘ ਨੇ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜਦਿਆਂ ਪਾਰਮਾ ਯੂਨੀਵਰਸਿਟੀ ਤੋਂ "ਡਾਕਟਰੇਟ ਆਫ ਲਾਅ" ਦੀ ਡਿਗਰੀ ਪ੍ਰਾਪਤ ਕੀਤੀ ਹੈ।  

PunjabKesari

ਇੰਦਰਪ੍ਰੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਦਵਿੰਦਰ ਕੌਰ ਨੇ ਉਸ ਦੇ ਪੜ੍ਹਾਈ ਖੇਤਰ ਵਿੱਚ ਸਹੀ ਮਾਰਗਦਰਸ਼ਨ ਕਰਕੇ ਭਾਈਚਾਰੇ ਨੂੰ ਭੱਵਿਖ ਵਿੱਚ ਘਰ ਦੇ ਵਕੀਲ ਦੀ ਘਾਟ ਪੂਰੀ ਕੀਤੀ ਹੈ। ਪੁੱਤ ਨੂੰ ਵਕੀਲ ਬਣਾਉਣ ਲਈ ਸੁਖਦੇਵ ਸਿੰਘ ਨੇ ਕਾਲੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ ਪਿੰਡੇ ਹੰਢਾਈਆਂ ਹਨ। ਇੰਦਰਪ੍ਰੀਤ ਸਿੰਘ ਜੋ 1-2 ਸਾਲ ਦੀ ਉਮਰ ਵਿੱਚ ਹੀ ਇਟਲੀ ਪਰਿਵਾਰ ਨਾਲ ਆ ਗਿਆ ਸੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਤੋਂ ਬਾਅਦ ਪੈਰੀਤੋ ਮੈਕਾਨਤਰੋਨੀਕੋ ਦਾ ਡਿਪਲੋਮਾ ਉਸਨੇ ਰੇਜੋ ਇਮੀਲੀਆ ਤੋਂ ਹਾਸਲ ਕੀਤਾ ਅਤੇ ਕਾਨੂੰਨ ਦੀ ਪੜ੍ਹਾਈ ਲਈ ਉਸਨੇ ਪਾਰਮਾ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਜਿਸ ਵਿੱਚ ਉਸਨੂੰ ਉਸਦੇ ਮਾਤਾ ਪਿਤਾ ਵੱਲੋਂ ਪ੍ਰੇਰਣਾ ਅਤੇ ਪੂਰਣ ਸਹਿਯੋਗ ਮਿਲਿਆ। 

PunjabKesari
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਕਾਮਿਆਂ, ਵਿਦਿਆਰਥੀਆਂ ਲਈ ਦਰਵਾਜ਼ੇ ਹੋ ਰਹੇ ਬੰਦ! 23 ਲੱਖ ਤੋਂ ਵੱਧ ਵੀਜ਼ੇ ਰੱਦ

ਗੌਰਤਲਬ ਹੈ ਕਿ ਇਟਲੀ ਵਿੱਚ ਭਾਰਤੀ ਭਾਈਚਾਰੇ ਵੱਲੋਂ ਪਹਿਲੀ ਵਾਰ ਸਿੱਖ ਨੌਜਵਾਨ ਇੰਦਰਪ੍ਰੀਤ ਸਿੰਘ ਨੇ ਆਪਣੇ ਥੀਸਿਸ ਲਿਖਣ ਲਈ ਵਿਸ਼ਾ ਯੂਰਪ ਵਿੱਚ ਧਾਰਮਿਕ ਅਜ਼ਾਦੀ ਕਾਨੂੰਨ ਅਧੀਨ "ਸਿੱਖ ਧਰਮ ਅਤੇ ਕਿਰਪਾਨ" ਚੁਣਿਆ। ਉਸ ਵੱਲੋਂ ਲਿਖਿਆ ਥੀਸਿਸ ਭਵਿੱਖ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਸਬੂਤ (ਹਵਾਲਾ) ਬਣ ਗਿਆ ਹੈ। ਸਖ਼ਤ ਮਿਹਨਤ ਤੇ ਲਗਨ ਦੇ ਸਦਕਾ ਮਾਹਰ ਕਨੂੰਨੀ ਪ੍ਰੌਫੈਸਰਾਂ ਦੀ ਟੀਮ ਵੱਲੋਂ ਮੌਕੇ 'ਤੇ ਸਵਾਲ ਜਵਾਬ ਕਰਨ ਤੋਂ ਬਾਅਦ 84/110 ਅੰਕਾਂ ਨਾਲ ਉਸਨੂੰ ਕਾਨੂੰਨ ਦੀ ਡਿਗਰੀ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ ਤਕਰੀਬਨ ਇੱਕ ਸਾਲ ਤੋਂ ਉਹ ਸੀਨੀਅਰ ਵਕੀਲ ਨਾਲ ਪ੍ਰੈਕਟਿਸ ਵੀ ਕਰ ਰਿਹਾ ਹੈ ਅਤੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਸਨੂੰ ਕਈ ਕੇਸਾਂ ਵਿੱਚ ਕਾਨੂੰਨੀ ਸਲਾਹ ਲਈ ਵੀ ਬੁਲਾਇਆ ਜਾਂਦਾ ਹੈ। ਉਹ ਨੋਵੇਲਾਰਾ ਦੀ ਮਿਉਂਸੀਪਲ ਕਮੇਟੀ ਵਿੱਚ ਕੌਂਸਲਰ ਵੀ ਹੈ ਅਤੇ ਪਿਛਲੇ ਸਮੇਂ ਤੋਂ ਉਹ ਇਟਲੀ ਦੀ ਮਸ਼ਹੂਰ ਖੂਨ ਦਾਨ ਸੰਸਥਾ ਆਵਿਸ ਦਾ ਮੈਂਬਰ ਬਣ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਹੈ ਤੇ ਸੇਵਾ ਨੂੰ ਦੇਖਦਿਆਂ ਆਵਿਸ ਦੀ ਨੋਵੇਲਾਰਾ ਇਕਾਈ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਜਿਹੜਾ ਕਿ ਇਲਾਕੇ ਵਿੱਚ ਖੁਸ਼ਨੁਮਾ ਮਾਹੌਲ ਸਿਰਜ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News