ਟਰੰਪ ਦੀ ਸਖਤੀ ਦਾ ਅਸਰ, ਦੋ ਦਹਾਕਿਆਂ ਤੋਂ ਅਮਰੀਕਾ ''ਚ ਰਹਿ ਰਹੇ ਪੰਜਾਬੀ ਨੂੰ ਲਿਆ ਗਿਆ ਹਿਰਾਸਤ ''ਚ

05/09/2017 2:12:33 PM

ਲਾਸ ਏਂਜਲਸ— ਦੇਸ਼ ਨਿਕਾਲਾ ਹੁਕਮ ਦੇ ਵਿਰੋਧ ਵਿਚ ਪਟੀਸ਼ਨ ਠੁਕਰਾਏ ਜਾਣ ਤੋਂ ਬਾਅਦ ਅਮਰੀਕਾ ''ਚ ਤਕਰੀਬਨ ਦੋ ਦਹਾਕਿਆਂ ਤੋਂ ਰਹਿ ਰਹੇ ਇਕ ਭਾਰਤੀ ਨੂੰ ਸੋਮਵਾਰ ਭਾਵ ਕੱਲ ਕੈਲੀਫੋਰਨੀਆ ''ਚ ਹਿਰਾਸਤ ''ਚ ਲਿਆ ਗਿਆ ਹੈ। ਗੁਰਮੁੱਖ ਸਿੰਘ ਨਾਂ ਦੇ ਪੰਜਾਬੀ ਨੇ ਅਮਰੀਕੀ ਨਾਗਰਿਕ ਨਾਲ ਵਿਆਹ ਕੀਤਾ ਹੈ ਅਤੇ ਉਨ੍ਹਾਂ ਦੀਆਂ ਦੋ ਧੀਆਂ ਵੀ ਹਨ। ਉਨ੍ਹਾਂ ਦੇ ਪਰਿਵਾਰ ਅਤੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਟੇਅ ਹੁਕਮ ਹਾਸਲ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਗੁਰਮੁੱਖ ਨੂੰ ਸੰਘੀ ਏਜੰਟਾਂ ਨੇ ਹਿਰਾਸਤ ''ਚ ਲਿਆ। 
ਭਾਰਤ ਦੇ ਪੰਜਾਬ ''ਚ ਟੈਕਸੀ ਚਲਾਉਣ ਵਾਲਾ 46 ਸਾਲਾ ਗੁਰਮੁੱਖ ਸਿੰਘ ਸਾਲ 1998 ਵਿਚ ਬਿਨਾਂ ਵੀਜ਼ੇ ਦੇ ਮੈਕਸੀਕੋ ਦੀ ਸਰਹੱਦ ਤੋਂ ਹੁੰਦੇ ਹੋਏ ਚੋਰੀ ਛਿਪੇ ਅਮਰੀਕਾ ''ਚ ਦਾਖਲ ਹੋਇਆ ਸੀ। ਬਾਅਦ ''ਚ ਉਸ ਨੇ ਧਾਰਮਿਕ ਅੱਤਿਆਚਾਰ ਦਾ ਹਵਾਲਾ ਦਿੰਦੇ ਹੋਏ ਸ਼ਰਣ ਲਈ ਬੇਨਤੀ ਕੀਤੀ ਸੀ ਪਰ ਉਸ ਦੇ ਪਰਿਵਾਰ ਅਤੇ ਵਕੀਲ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਸਹੀ ਤਰੀਕੇ ਨਾਲ ਆਪਣਾ ਪੱਖ ਨਹੀਂ ਰੱਖ ਸਕਿਆ ਅਤੇ ਉਸ ਨੂੰ ਅਮਰੀਕਾ ਤੋਂ ਉਸ ਦੇ ਦੇਸ਼ ਵਾਪਸ ਭੇਜੇ ਜਾਣ ਦਾ ਹੁਕਮ ਦਿੱਤਾ ਗਿਆ। 
ਸਿੰਘ ਨੇ ਸਾਲ 2010 ''ਚ ਅਮਰੀਕੀ ਨਾਗਰਿਕ ਨਾਲ ਵਿਆਹ ਕੀਤਾ ਪਰ ਜਦੋਂ ਉਸ ਨੇ 2012 ''ਚ ਨਿਵਾਸ ਵੀਜ਼ਾ ਲਈ ਬੇਨਤੀ ਕੀਤੀ ਤਾਂ ਉਸ ਦਾ ਦੇਸ਼ ਨਿਕਾਲੇ ਦਾ ਮਾਮਲਾ ਫਿਰ ਤੋਂ ਸ਼ੁਰੂ ਹੋ ਗਿਆ। ਉਹ 5 ਮਹੀਨੇ ਤੱਕ ਜੇਲ ਵਿਚ ਰਿਹਾ ਪਰ ਮਨੁੱਖੀ ਅਧਿਕਾਰ ਵਰਕਰਾਂ ਦੀ ਮਦਦ ਨਾਲ ਉਸ ਨੂੰ ਜ਼ਮਾਨਤ ਮਿਲੀ ਅਤੇ ਉਹ ਰਿਹਾਅ ਹੋ ਗਿਆ। ਉਦੋਂ ਤੋਂ ਇਹ ਮਾਮਲਾ ਅਪੀਲ ਪ੍ਰਕਿਰਿਆਵਾਂ ਜ਼ਰੀਏ ਚੱਲ ਰਿਹਾ ਹੈ। 
ਓਧਰ ਸਿੰਘ ਦੀ 18 ਸਾਲਾ ਧੀ ਮਨਪ੍ਰੀਤ ਨੇ ਦੱਸਿਆ ਕਿ ਇਸ ਸਥਿਤੀ ''ਚ ਸਾਨੂੰ ਮਾਨਸਿਕ ਅਤੇ ਸਰੀਰਕ ਰੂਪ ਨਾਲ ਪੂਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਹੈ, ਉਨ੍ਹਾਂ ਨੇ ਆਪਣੇ ਟੈਕਸਾਂ ਦਾ ਹਮੇਸ਼ਾ ਭੁਗਤਾਨ ਕੀਤਾ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਆਮ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੀ ਮਹਿਲਾ ਬੁਲਾਰਾ ਲੋਰੀ ਹੇਲੀ ਨੇ ਦੱਸਿਆ ਕਿ ਦੇਸ਼ ਦੀ ਕਾਨੂੰਨ ਵਿਵਸਥਾ ਦੇ ਸਾਰੇ ਪੱਧਰਾਂ ਦੀ ਸਮੀਖਿਆ ਤੋਂ ਬਾਅਦ ਸਿੰਘ ਨੂੰ ਹਿਰਾਸਤ ''ਚ ਲਏ ਜਾਣ ਦਾ ਹੁਕਮ ਦਿੱਤਾ ਗਿਆ ਹੈ। ਲੋਰੀ ਨੇ ਕਿਹਾ ਕਿ ਸੰਘੀ ਅਧਿਕਾਰੀਆਂ ਦੀ ਪਹਿਲੀ ਤਰਜ਼ੀਹ ਉਨ੍ਹਾਂ ਵਿਦੇਸ਼ੀ ਅਪਰਾਧੀਆਂ ''ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਨ੍ਹਾਂ ਦੀ ਵਜ੍ਹਾ ਤੋਂ ਜਨ ਸੁਰੱਖਿਆ ਨੂੰ ਖਤਰਾ ਹੁੰਦਾ ਹੈ ਅਤੇ ਸਿੰਘ ਵਰਗੇ ਇਮੀਗ੍ਰੇਸ਼ਨ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਨੂੰ ਇਸ ਕਾਰਵਾਈ ਤੋਂ ਛੋਟ ਨਹੀਂ ਹੈ। ਬਿਨਾਂ ਦਸਤਾਵੇਜ਼ ਵਾਲੇ ਅਪ੍ਰਵਾਸੀਆਂ ''ਤੇ ਸ਼ਿੰਕਜਾ ਕੱਸਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਦਰਮਿਆਨ ਸਿੰਘ ਨੂੰ ਹਿਰਾਸਤ ''ਚ ਲਿਆ ਗਿਆ ਹੈ।

Tanu

News Editor

Related News