ਫਾਈਜ਼ਰ ਦੀ ਖੁਰਾਕ ਲੈਣ ਦੇ 8 ਮਹੀਨੇ ਵਿਚ 80 ਫੀਸਦੀ ਐਂਟੀਬਾਡੀ ਹੋਈ ਘੱਟ
Tuesday, Sep 07, 2021 - 11:53 AM (IST)
ਵਾਸ਼ਿੰਗਟਨ- ਫਾਈਜ਼ਰ ਟੀਕੇ ਰਾਹੀਂ ਬਣੀ ਕੋਵਿਡ-19 ਐਂਟੀਬਾਡੀ ਨਰਸਿੰਗ ਹੋਮ ਦੇ ਸੀਨੀਅਰ ਨਿਵਾਸੀਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਵਿਚ ਦੂਸਰੀ ਖੁਰਾਕ ਪ੍ਰਾਪਤ ਕਰਨ ਦੇ 6 ਮਹੀਨਿਆਂ ਬਾਅਦ 80 ਫੀਸਦੀ ਤੋਂ ਜ਼ਿਆਦਾ ਘੱਟ ਹੋ ਗਈ।
ਇਹ ਗੱਲ ਅਮਰੀਕੀ ਅਧਿਐਨ ਵਿਚ ਸਾਹਮਣੇ ਆਈ ਹੈ। ਅਮਰੀਕਾ ਵਿਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਅਤੇ ਬਰਾਊਨ ਯੂਨੀਵਰਸਿਟੀ ਦੀ ਅਗਵਾਈ 'ਚ ਕੀਤੇ ਗਏ ਅਧਿਐਨ ਵਿਚ ਨਰਸਿੰਗ ਹੋਮ ਦੇ 120 ਨਿਵਾਸੀਆਂ ਅਤੇ 92 ਸਿਹਤ ਦੇਖਭਾਲ ਮੁਲਾਜ਼ਮਾਂ ਦੇ ਖੂਨ ਦੇ ਨਮੂਨਿਆਂ ਦਾ ਅਧਿਐਨ ਕੀਤਾ ਗਿਆ। ਅਧਿਐਨਕਰਤਾਵਾਂ ਨੇ ਵਿਸ਼ੇਸ਼ ਤੌਰ ’ਤੇ ਹਿਊਮੋਰਲਰ ਇਮਿਊਨਿਟੀ ਨੂੰ ਦੇਖਿਆ ਜਿਸ ਨੂੰ ਐਂਟੀਬਾਡੀ ਮੈਡੀਏਟਿਡ ਇਮਿਊਨਿਟੀਵੀ ਕਿਹਾ ਜਾਂਦਾ ਹੈ ਤਾਂ ਜੋ ਸਾਰਸ-ਸੀਓਵੀ-2 ਵਾਇਰਸ ਦੇ ਖਿਲਾਫ ਸਰੀਰ ਦੀ ਸੁਰੱਖਿਆ ਨੂੰ ਮਾਪਿਆ ਜਾ ਸਕੇ ਜਿਸ ਨਾਲ ਕੋਵਿਡ-19 ਹੁੰਦਾ ਹੈ। ਅਧਿਐਨ ਵਿਚ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਲਈ ਬੂਸਟਰ ਖੁਰਾਕ ਲੈਣ ਦੀ ਸਿਫਾਰਿਸ਼ ਕੀਤੀ ਗਈ।