ਪਾਕਿਸਤਾਨ ’ਚ 7ਵੀਂ ਕਲਾਸ ਦੀ ਵਿਦਿਆਰਥਣ ਨਾਲ 4 ਅਧਿਆਪਕਾਂ ਨੇ ਬੰਦੂਕ ਦੀ ਨੋਕ ’ਤੇ ਕੀਤਾ ਜਬਰ-ਜ਼ਿਨਾਹ

Thursday, Oct 20, 2022 - 07:06 PM (IST)

ਪਾਕਿਸਤਾਨ ’ਚ 7ਵੀਂ ਕਲਾਸ ਦੀ ਵਿਦਿਆਰਥਣ ਨਾਲ 4 ਅਧਿਆਪਕਾਂ ਨੇ ਬੰਦੂਕ ਦੀ ਨੋਕ ’ਤੇ ਕੀਤਾ ਜਬਰ-ਜ਼ਿਨਾਹ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਮਰੀ ਦੇ ਪ੍ਰਸਿੱਧ ਕੈਡਿਟ ਕਾਲਜ ਦੇ ਹੋਸਟਲ ’ਚ ਕਾਲਜ ਦੇ 4 ਅਧਿਆਪਕਾਂ ਵੱਲੋਂ 7ਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਬੰਦੂਕ ਦੀ ਨੋਕ ’ਤੇ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅੱਜ ਵੀਰਵਾਰ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਸੂਤਰਾਂ ਅਨੁਸਾਰ ਪੀੜਤਾ ਜੋ ਲਾਹੌਰ ਦੀ ਰਹਿਣ ਵਾਲੀ ਹੈ, ਦੇ ਪਿਤਾ ਨੇ ਆਪਣੀ 12 ਸਾਲਾ ਲੜਕੀ ਨੂੰ ਬਿਹਤਰੀਨ ਸਿੱਖਿਆ ਦਿਵਾਉਣ ਲਈ ਮਰੀ ਦੇ ਕੈਡਿਟ ਕਾਲਜ ’ਚ ਦਾਖ਼ਲ ਦਿਵਾਇਆ ਕਿਉਂਕਿ ਇਸ ਸਿੱਖਿਆ ਸੰਸਥਾ ’ਚ 5ਵੀਂ ਤੋਂ ਲੈ ਕੇ 12ਵੀਂ ਤੱਕ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਕਾਲਜ ’ਚ ਲੜਕੀਆਂ ਨੂੰ ਦਾਖ਼ਲਾ ਮਿਲ ਜਾਦਾ ਸੀ।

ਪੀੜਤ ਲੜਕੀ ਦੇ ਪਿਤਾ ਨੇ ਜਦੋਂ ਬੀਤੇ ਦਿਨੀਂ ਆਪਣੀ ਲੜਕੀ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹ ਰੋਣ ਲੱਗੀ ਅਤੇ ਕਿਹਾ ਕਿ ਜੋ ਕੁਝ ਉਸ ਦੇ ਨਾਲ ਹੋਇਆ ਹੈ, ਉਹ ਫੋਨ ’ਤੇ ਨਹੀਂ ਦੱਸ ਸਕਦੀ। ਜਿਸ ’ਤੇ ਉਹ ਬੀਤੇ ਦਿਨੀਂ ਆਪਣੀ ਲੜਕੀ ਨੂੰ ਹੋਸਟਲ ਤੋਂ ਘਰ ਲੈ ਗਿਆ। ਲੜਕੀ ਨੇ ਦੱਸਿਆ ਕਿ ਉਹ 16 ਅਕਤੂਬਰ ਨੂੰ ਆਪਣੇ ਹੋਸਟਲ ਦੇ ਕਮਰੇ ’ਚ ਸੌਂ ਰਹੀ ਸੀ ਤਾਂ ਕਾਲਜ ਦੇ ਅਧਿਆਪਕ ਹਸਨ ਅਫਰੀਦੀ, ਸ਼ਾਹਨਵਾਜ਼, ਤੈਮੂਰ ਅਤੇ ਸਾਊਦ ਉਸ ਦੇ ਕਮਰੇ ’ਚ ਆਏ ਅਤੇ ਬੰਦੂਕ ਦੀ ਨੋਕ ’ਤੇ ਸਾਰੀ ਰਾਤ ਚਾਰਾਂ ਨੇ ਜਬਰ-ਜ਼ਿਨਾਹ ਕੀਤਾ। ਪੀੜਤਾ ਦੇ ਪਿਤਾ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਲੜਕੀ ਨੂੰ ਕਾਲਜ ਤੋਂ ਕੱਢ ਦਿੱਤਾ ਜਾਵੇਗਾ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਚਾਰਾਂ ਅਧਿਆਪਕਾਂ ਦੇ ਖ਼ਿਲਾਫ ਕੇਸ ਦਰਜ ਕਰ ਲਿਆ।


author

Manoj

Content Editor

Related News