ਮੈਲਬੌਰਨ ’ਚ ਡਾ. ਸਤਿੰਦਰ ਸਰਤਾਜ ਨੇ ਮਹਿਫ਼ਿਲ ’ਚ ਬੰਨ੍ਹਿਆਂ ਰੰਗ (ਤਸਵੀਰਾਂ)
Sunday, Jul 10, 2022 - 05:03 PM (IST)
 
            
            ਮੈਲਬੌਰਨ (ਮਨਦੀਪ ਸਿੰਘ ਸੈਣੀ)-- ਸੰਗੀਤ ਦੀ ਦੁਨੀਆ ’ਚ ਧਰੂ ਤਾਰੇ ਦੀ ਤਰ੍ਹਾਂ ਪੰਜਾਬੀ ਸੰਗੀਤ ਪ੍ਰੇਮੀਆ ਦੇ ਦਿਲਾਂ ’ਤੇ ਰਾਜ ਕਰ ਰਹੇ ਸੂਫੀਆਨਾ ਤਬੀਅਤ ਦੇ ਮਾਲਕ, ਉੱਚ ਕੋਟੀ ਦੇ ਸ਼ਾਇਰ, ਪ੍ਰਸਿੱਧ ਗਾਇਕ ਤੇ ਅਦਾਕਾਰ ਡਾ. ਸਤਿੰਦਰ ਸਰਤਾਜ ਦਾ ਸ਼ੋਅ ਸ਼ਨੀਵਾਰ ਨੂੰ ਕ੍ਰੀਏਟਿਵ ਈਵੈਂਟਸ ਵੱਲੋਂ ਮੈਲਬੌਰਨ ਕਨਵੈਨਸ਼ਨ ਅਤੇ ਐਗਜ਼ੀਬੀਸ਼ਨ ਸੈਂਟਰ ਵਿਖੇ ਕਰਵਾਇਆ ਗਿਆ।ਮੁੱਖ ਮੇਲਾ ਪ੍ਰਬੰਧਕ ਸ਼ਿੰਕੂ ਨਾਭਾ, ਬਲਵਿੰਦਰ ਲਾਲੀ ਅਤੇ ਹੋਰ ਸਹਿਯੋਗੀਆਂ ਦੇ ਯਤਨਾ ਸਦਕਾ ਕਰਵਾਇਆ ਗਿਆ। ਇਸ ਮਹਿਫ਼ਿਲ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ।

ਆਪਣੇ ਮਿੱਥੇ ਸਮੇਂ ਤੋਂ ਲੇਟ ਸ਼ੁਰੂ ਹੋਏ ਇਸ ਸ਼ੋਅ ਵਿੱਚ ਹਰਦਿਲ ਅਜੀਜ਼ ਤੇ ਬੁਲੰਦ ਅਵਾਜ਼ ਦੇ ਮਾਲਕ ਪ੍ਰਸਿੱਧ ਲੋਕ ਗਾਇਕ ਡਾ. ਸਤਿੰਦਰ ਸਰਤਾਜ ਨੇ ਜਦੋ ਮੰਚ ’ਤੇ ਸੰਗੀਤਕ ਧੁੰਨਾਂ ਦੇ ਨਾਲ ਦਸਤਕ ਦਿੱਤੀ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂੰਜ ਉੱਠਿਆ। ਸਰਤਾਜ ਨੇ ਸ਼ੁਰੂਆਤ ਆਪਣੇ ਨਵੇਂ ਗੀਤ 'ਗੱਲ ਬਣਦੀ ਤੇ ਨਹੀਂ', ਨਾਲ ਕਰਦੇ ਹੋਏ ਮਹਿਫ਼ਿਲ ਨੂੰ ਸੂਫੀਆਨਾ ਰੰਗ ਵਿੱਚ ਰੰਗਦਿਆਂ ਆਪਣੇ ਸੁਰੀਲੇ ਤੇ ਮਿੱਠੇ ਬੋਲਾਂ ਨਾਲ ਸੁਰ ਤੇ ਸੰਗੀਤ ਦੀ ਅਜਿਹੀ ਤਾਲ ਨਾਲ ਤਾਲ ਮਿਲਾਈ ਤਾਂ ਸਾਰੀ ਮਹਿਫ਼ਿਲ ਦੀ ਫ਼ਿਜਾ ਆਬਸ਼ਾਰ ਹੋ ਗਈ।

ਉਪਰੰਤ 'ਜਿੱਤ ਦੇ ਨਿਸ਼ਾਨ', 'ਔਜ਼ਾਰ ', 'ਸੱਜਣ ਰਾਜ਼ੀ ਹੋ ਜਾਵੇ ', 'ਉਡਾਰੀਆਂ', 'ਸਾਨੂੰ ਇਕ ਪਲ ਚੈਨ ਨਾ ਆਵੇ', 'ਤਰੱਕੀਆਂ ', ਸਮੇਤ ਜ਼ਿੰਦਗੀ ਦੀਆਂ ਮਿੱਠੀਆ ਤੇ ਤੱਲਖ਼ ਸੱਚਾਈਆਂ ਨੂੰ ਪੇਸ਼ ਕਰਦੇ ਗੀਤਾਂ ਅਤੇ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕ ਝੂਮਣ ਲਗਾ ਦਿੱਤੇ।ਇਸ ਸੂਫੀਆਨਾ ਮਹਿਫ਼ਿਲ ਦੌਰਾਨ ਰੂਹਾਨੀਅਤ ਦਾ ਅਹਿਸਾਸ, ਲੋਕਾਈ ਦੇ ਦਰਦਾਂ ਦੀ ਸੱਚਾਈ, ਕੁਦਰਤ ਦੀ ਸਿਫਤ ਸਲਾਹ, ਸੱਭਿਆਚਾਰਕ ਦੇ ਰਵਾਇਤੀ ਲੋਕ ਤੱਥ, ਸਮਾਜ ਨੂੰ ਸੇਧ ਦੇਣ ਵਾਲੇ ਮਿਆਰੀ ਗੀਤਾਂ ਤੇ ਉੱਚ ਕੋਟੀ ਦੀ ਸ਼ਾਇਰੀ ਦੇ ਸੁਰਮਈ ਸੰਗੀਤਕ ਵੰਨਗੀਆਂ ਦੇ ਗੁਲਦਸਤੇ ਦਾ ਵੱਖਰਾ ਹੀ ਨਜ਼ਾਰਾਂ ਆਨੰਦਮਈ ਕਰਦਾ ਹੋਇਆ ਦਿਲੋ ਦਿਮਾਗ ਨੂੰ ਸਕੂਨ ਦੇ ਗਿਆ।ਦਰਸ਼ਕਾਂ ਦੀ ਹਾਜ਼ਰੀ ਨੇ ਇਹ ਦਰਸਾ ਦਿੱਤਾ ਕਿ ਸਾਫ-ਸੁਥਰਾ ਅਤੇ ਵਧੀਆਂ ਗੀਤ-ਸੰਗੀਤ ਸਾਡੀ ਰੂਹ ਦੀ ਖੁਰਾਕ ਹੈ, ਇਸ ਤਰ੍ਹਾ ਇਹ ਮਹਿਫ਼ਿਲ ਆਪਸੀ ਪਿਆਰ, ਏਕਤਾਂ ਤੇ ਸਦਭਾਵਨਾ ਦੀ ਸ਼ਾਝ ਨੂੰ ਹੋਰ ਵੀ ਪਰਿਪੱਕ ਕਰਦੀ ਹੋਈ ਅਮਿੱਟ ਯਾਦਾਂ ਛੱਡਦੀ ਹੋਈ ਨਵੀਂ ਤਵਾਰੀਖ਼ ਸਿਰਜ ਗਈ।
ਪੜ੍ਹੋ ਇਹ ਅਹਿਮ ਖ਼ਬਰ- 70 ਸਾਲ ਦੀ ਉਮਰ 'ਚ ਪੁਤਿਨ ਫਿਰ ਬਣਨਗੇ 'ਪਿਤਾ', ਗਰਭਵਤੀ ਹੋਈ ਗਰਲਫ੍ਰੈਂਡ ਅਲੀਨਾ
ਇਸ ਮੌਕੇ ਪ੍ਰਬੰਧਕਾਂ ਵਲੋਂ ਡਾ. ਸਤਿੰਦਰ ਸਰਤਾਜ ਤੋਂ ਸਹਿਯੋਗੀਆਂ ਨੂੰ ਸਨਮਾਨਿਤ ਵੀ ਕਰਵਾਇਆਂ ਗਿਆ।ਮੰਚ ਸੰਚਾਲਣ ਪੁਨੀਤ ਢੀਂਗਰਾ ਅਤੇ ਰਾਜੂ ਜੋਸਨ ਵੱਲੋਂ ਵਲੋਂ ਸ਼ੇਅਰੋ-ਸ਼ਾਇਰੀ ਕਰਦਿਆਂ ਬਾਖੂਬੀ ਕੀਤਾ ਗਿਆ। ਮੇਲਾ ਪ੍ਰਬੰਧਕ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਸਮੁੱਚੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਦਰਸ਼ਕਾਂ ਦੇ ਪਿਆਰ ਦੀ ਬਦੌਲਤ ਹੀ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੇ ਸਾਫ਼ ਸੁਥਰੀ ਗਾਇਕੀ 'ਤੇ ਮੋਹਰ ਲਾਉਂਦਿਆਂ ਇਹ ਸ਼ੋਅ ਇੱਕ ਮਹੀਨਾਂ ਪਹਿਲਾਂ ਹੀ ਸੋਲਡ ਆਊਟ ਕਰ ਦਿੱਤਾ ਸੀ ਪਰ ਮੈਲਬੌਰਨ ਵਾਸੀਆਂ ਦੀ ਭਾਰੀ ਮੰਗ ਤੇ ਸਤਿੰਦਰ ਸਰਤਾਜ ਦਾ ਇੱਕ ਸ਼ੋਅ 1 ਅਗਸਤ ਨੂੰ ਜੀਲੌਂਗ ਸ਼ਹਿਰ ਵਿੱਚ ਕਰਵਾਇਆ ਜਾ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            