ਇਟਲੀ 'ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ ਦਾ ਆਯੋਜਨ (ਤਸਵੀਰਾਂ)

Monday, Aug 29, 2022 - 10:06 AM (IST)

ਇਟਲੀ 'ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ ਦਾ ਆਯੋਜਨ (ਤਸਵੀਰਾਂ)

ਰੋਮ (ਦਲਵੀਰ ਕੈਂਥ,ਸਾਬੀ ਚੀਨੀਆ): ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ  ਵਿਸ਼ਾਲ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਜੋਸ਼ੇ-ਖਰੋਸ਼ ਤੇ ਸ਼ਰਧਾ ਭਾਵਨਾ ਨਾਲ ਸਜਾਏ ਗਏ। ਜਿਹਨਾਂ ਵਿੱਚ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਹਾਜ਼ਰੀ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਲਾਸੀਓ ਸੂਬੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਸਾਰ ਲਈ ਦਿਨ-ਰਾਤ ਸੇਵਾ ਵਿੱਚ ਜੁੜੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵੱਲੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ।

PunjabKesari
ਭਾਦੋਂ 12 ਦਿਨ ਮੌਕੇ ਸਜੇ ਇਸ ਨਗਰ ਕੀਰਤਨ ਦੀ ਦੁਪਹਿਰ ਪਹਿਲਾਂ ਤਾਂ ਤਪੀ ਪਈ ਸੀ ਪਰ ਅਕਾਲ ਪੁਰਖ ਦੀ ਮੌਜ ਅਨੁਸਾਰ ਪਲਕ ਝਪਕਦਿਆਂ ਹੀ ਇੰਦਰ ਦੇਵਤਾ ਨੇ ਸਾਰੀ ਤਪਸ ਨੂੰ ਠੰਡਾ-ਠਾਰ ਕਰਦਿਆਂ ਮੌਸਮ ਨੂੰ ਬਹੁਤ ਹੀ ਆਨੰਦਮਈ ਤੇ ਸੁਹਾਵਣਾ ਕਰ ਦਿੱਤਾ। ਗੁਰੂ ਦੇ ਜੈਕਾਰੇ ਛੱਡਦਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸੰਗਤ ਦੇ ਭਾਰੀ ਇੱਕਠ ਨਾਲ ਰਵਾਨਾ ਹੋਇਆ ਤੇ ਬੋਰਗੋ ਹਰਮਾਦਾ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਸਮਾਪਤ ਹੋਇਆ। ਇਸ ਮੌਕੇ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ,ਮਿਲਕ ਬਦਾਮ,ਛੋਲੇ,ਸਮੋਸੇ,ਆਈਸ ਕਰੀਮ ਤੇ ਫਲਾਂ ਦੀ ਚਾਟ ਦੇ ਅਤੁੱਟ ਭੰਡਾਰੇ ਵਰਤਾਏ ਗਏ।

PunjabKesari

ਇਸ ਨਗਰ ਕੀਰਤਨ ਮੌਕੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾਵਾਚਕਾਂ ਨੇ ਹਾਜ਼ਰੀ ਭਰਦਿਆਂ ਮਹਾਨ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ।ਇਟਲੀ ਦੇ ਪ੍ਰਸਿੱਧ ਕਵੀਸ਼ਰ ਜੱਥੇ ਗਿਆਨੀ ਸਤਨਾਮ ਸਿੰਘ ਸਰਹਾਲੀ,ਗਿਆਨੀ ਦਵਿੰਦਰ ਸਿੰਘ,ਗਿਆਨੀ ਰਣਜੀਤ ਸਿੰਘ,ਗਿਆਨੀ ਅਜੀਤ ਸਿੰਘ ਥਿੰਦ,ਗਿਆਨੀ ਅੰਗਰੇਜ਼ ਸਿੰਘ ਤੇ ਗਿਆਨੀ ਬਖਤਾਵਰ ਸਿੰਘ ਆਦਿ ਨੇ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਗੁਰੂ ਨਾਨਕ ਦੇ ਘਰ ਦੀਆਂ ਸਿਫ਼ਤਾਂ ਕਰਦਿਆਂ ਸੰਗਤਾਂ ਦੀ ਸੁਰਤ ਨੂੰ ਗਗਨਮੰਡਲ ਦੀ ਸੈਰ ਕਰਵਾ ਦਿੱਤੀ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਯੂਨੀਅਨ ਸਿੱਖ ਇਟਲੀ ਦੇ ਪ੍ਰਧਾਨ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਸਭ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਗੁਰੂ ਨੂੰ ਯਾਦ ਕਰਦਿਆਂ ਗੁਰਪੁਰਬ ਮਨਾਉਣੇ ਸਿੱਖੀ ਦੇ ਬੂਟੇ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਹੈ ਅਜਿਹੇ ਕਾਰਜਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ, ਤਿੰਨ ਲੋਕ ਜ਼ਖਮੀ (ਵੀਡੀਓ)

ਨਗਰ ਕੀਰਤਨ ਵਿੱਚ ਰੋਮ,ਲਾਸੀਓ ,ਵਿਲੇਤਰੀ,ਚਿਸਤੇਰਨਾ ਦੀ ਲਾਤੀਨਾ,ਸਬਾਊਦੀਆ,ਸੰਨਵੀਤੋ,ਪੁਨਤੀਨੀਆ,ਫੌਂਦੀ ਆਦਿ ਇਲਾਕਿਆਂ ਤੇ ਗੁਰਦੁਆਰਾ ਸਿੰਘ ਸਭਾਵਾਂ ਤੋਂ ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਸਮੂਲੀਅਤ ਕਰਨ ਲਈ ਪਹੁੰਚੀਆਂ।ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਦੀ ਪ੍ਰਬੰਧਕ ਕਮੇਟੀ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।


author

Vandana

Content Editor

Related News