ਕੈਨੇਡਾ ਦੇ ਇਕ ਹੋਰ ਰਿਹਾਇਸ਼ੀ ਸਕੂਲ ''ਚੋਂ ਮਿਲੀਆਂ 182 ਕਬਰਾਂ, ਫੈਲੀ ਸਨਸਨੀ

Thursday, Jul 01, 2021 - 06:23 PM (IST)

ਕੈਨੇਡਾ ਦੇ ਇਕ ਹੋਰ ਰਿਹਾਇਸ਼ੀ ਸਕੂਲ ''ਚੋਂ ਮਿਲੀਆਂ 182 ਕਬਰਾਂ, ਫੈਲੀ ਸਨਸਨੀ

ਟੋਰਾਂਟੋ (ਬਿਊਰੋ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਮੂਲ ਵਸਨੀਕਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਕਿਹਾ ਕਿ 'ਗ੍ਰਾਊਂਡ-ਪੇਨੇਟ੍ਰਿਟਿੰਗ' ਰਡਾਰ ਦੀ ਵਰਤੋਂ ਕਰਕੇ ਨਿਸ਼ਾਨ-ਰਹਿਤ ਕਬਰਾਂ ਵਿਚ 182 ਮਨੁੱਖੀ ਅਵਸ਼ੇਸ਼ ਖੋਜੇ ਗਏ ਹਨ। ਇਹ ਕਬਰਾਂ ਇਕ ਸਾਬਕਾ ਰਿਹਾਇਸ਼ੀ ਸਕੂਲ ਨੇੜੇ ਇਕ ਸਾਈਟ ਵਿਚ ਮਿਲੀਆਂ ਹਨ। ਇੱਥੇ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਤੋਂ ਵੱਖਰੇ ਕਰ ਕੇ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਚਰਚ ਵੱਲੋਂ ਸੰਚਾਲਿਤ ਸਕੂਲਾਂ ਵਿਚ ਅਜਿਹੀਆਂ ਦੋ ਘਟਨਾਵਾਂ ਦੀ ਜਾਣਕਾਰੀ ਸਾਹਮਣੇ ਆਈ ਸੀ ਇਸ ਵਿਚ ਇਕ ਜਗ੍ਹਾ 600 ਜਦਕਿ ਦੂਜੀ ਜਗ੍ਹਾ 215 ਕਬਰਾਂ ਮਿਲੀਆਂ ਸਨ।

'ਲੋਅਰ ਕੂਟਨੇ ਬੈਂਡ' ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਪਿਛਲੇ ਸਾਲ ਕ੍ਰੈਨਬੁਕ ਸ਼ਹਿਰ ਨੇੜੇ ਇਕ ਸਾਈਟ ਦੀ ਖੋਜ ਲਈ ਰਡਾਰ ਤਕਨੀਕ ਦੀ ਵਰਤੋਂ ਕੀਤੀ ਗਈ। ਇਹ ਸਾਈਟ ਪੂਰਬ ਸੈਂਟ ਯੂਜੀਨ ਮਿਸ਼ਨ ਸਕੂਲ  (St Eugene’s Mission School) ਨੇੜੇ ਸਥਿਤ ਹੈ ਜਿਸ ਦਾ ਸੰਚਾਲਨ 1912 ਤੋਂ ਲੈਕੇ 1970 ਦੇ ਦਹਾਕੇ ਤੱਕ ਰੋਮਨ ਕੈਥੋਲਿਕ ਚਰਚ ਵੱਲੋਂ ਕੀਤਾ ਗਿਆ। ਇਸ ਨੇ ਕਿਹਾ ਕਿ ਸਾਈਟ ਵਿਚ ਖੋਜ ਕਰਨ 'ਤੇ ਸਾਨੂੰ ਨਿਸ਼ਾਨ ਰਹਿਤ ਕਬਰਾਂ ਮਿਲੀਆਂ।ਇਹਨਾਂ ਵਿਚੋਂ ਕੁਝ ਤਿੰਨ ਫੁੱਟ ਡੂੰਘੀਆਂ ਸਨ। ਰਿਲੀਜ਼ ਵਿਚ ਕਿਹਾ ਗਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮਨੁੱਖੀ ਅਵਸ਼ੇਸ਼ ਕਤੁਨਕਸਾ ਰਾਸ਼ਟਰ ਦੇ ਬੈਂਡ ਦੇ ਲੋਕਾਂ ਦੇ ਹਨ। ਇਸ ਵਿਚ ਕੂਟਨੇ ਬੈਂਡ, ਅਕਮ ਅਤੇ ਹੋਰ ਭਾਈਚਾਰੇ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- CPC 100 Years: ਜਿਨਪਿੰਗ ਨੇ ਦਿੱਤੀ ਚਿਤਾਵਨੀ, ਅੱਖ ਦਿਖਾਉਣ ਵਾਲੇ ਨੂੰ ਦੇਵਾਂਗੇ ਕਰਾਰਾ ਜਵਾਬ

ਬੱਚਿਆਂ ਨਾਲ ਹੁੰਦੀ ਸੀ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ
ਮੂਲ ਵਸਨੀਕਾਂ ਦੇ ਨੇਤਾਵਾਂ ਨੇ ਕਿਹਾ ਕਿ 'ਮੈਰੀਵਲ ਇੰਡੀਅਨ ਰੈਸੀਡੈਂਸ਼ੀਅਲ' ਸਕੂਲ ਵਿਚ 600 ਤੋਂ ਵੱਧ ਅਵਸ਼ੇਸ਼ ਪਾਏ ਗਏ ਹਨ। ਸਸਕੈਚਵਾਨ ਸੂਬੇ ਵਿਚ ਸਥਿਤ ਇਹ ਸਕੂਲ 1899 ਤੋਂ 1997 ਤੱਕ ਸੰਚਾਲਿਤ ਹੋਇਆ ਸੀ। ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਵਿਚ ਅਜਿਹੇ ਹੀ ਇਕ ਸਕੂਲ ਵਿਚ 215 ਅਵਸ਼ੇਸ਼ ਪਾਏ ਗਏ ਸਨ। ਮੂਲ ਵਸਨੀਕਾਂ ਦੇ ਬੱਚਿਆਂ ਨੂੰ ਸਰਕਾਰੀ ਈਸਾਈ ਸਕੂਲਾਂ ਵਿਚ ਜਾਣ ਲਈ ਮਜਬੂਰ ਕੀਤਾ ਜਾਂਦਾ ਸੀ। ਰੋਮਨ ਕੈਥੋਲਿਕ ਮਿਸ਼ਨਰੀਆਂ ਵੱਲੋਂ ਚਲਾਏ ਜਾਣ ਵਾਲੇ ਇਹਨਾਂ ਸਕੂਲਾਂ ਵਿਚ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ, 1,50,000 ਬੱਚਿਆਂ ਨੂੰ ਭੇਜਿਆ ਗਿਆ ਸੀ। ਸਰਕਾਰ ਨੇ ਕਿਹਾ ਕਿ ਇਹਨਾਂ ਸਕੂਲਾਂ ਵਿਚ ਬੱਚਿਆਂ ਨਾਲ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਹੁੰਦਾ ਸੀ ਇੱਥੋਂ ਤੱਕ ਕਿ ਜਿਹੜੇ ਬੱਚੇ ਆਪਣੀ ਮਾਤ ਭਾਸ਼ਾ ਬੋਲਦੇ ਸਨ ਉਹਨਾਂ ਨੂੰ ਕੁੱਟਿਆ ਜਾਂਦਾ ਸੀ। ਉਸ ਵੇਲੇ ਹਜ਼ਾਰਾਂ ਬੱਚਿਆਂ ਦੀ ਬੀਮਾਰੀ ਜਾਂ ਹੋਰ ਕਾਰਨਾਂ ਕਾਰਨ ਮੌਤ ਹੋ ਗਈ ਸੀ।

ਟਰੂਡੋ ਨੇ ਜਤਾਇਆ ਦੁੱਖ
ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਲੋਕ ਲੰਬੇ ਸਮੇਂ ਤੱਕ ਚੱਲੀ ਸਰਕਾਰ ਦੀ ਉਸ ਨੀਤੀ ਤੋਂ ਡਰੇ ਹੋਏ ਹਨ, ਜਿਸ ਦੇ ਤਹਿਤ ਮੂਲ ਵਸਨੀਕਾਂ ਦੇ ਬੱਚਿਆਂ ਨੂੰ ਉਹਨਾਂ ਬੋਰਡਿੰਗ ਸਕੂਲਾਂ ਵਿਚ ਭੇਜਿਆ ਗਿਆ ਸੀ ਜਿੱਥੇ ਸੈਂਕੜੇ ਬੇਨਾਮ ਕਬਰਾਂ ਪਾਈਆਂ ਗਈਆਂ ਹਨ। ਟਰੂਡੋ ਨੇ ਕਿਹਾ ਕਿ ਇਹ ਇਕ ਦਰਦਨਾਕ ਸਰਕਾਰੀ ਨੀਤੀ ਸੀ ਜੋ ਕਈ ਦਹਾਕਿਆਂ ਤੱਕ ਕੈਨੇਡਾ ਦੀ ਸੱਚਾਈ ਸੀ ਅਤੇ ਅੱਜ ਕੈਨੇਡਾ ਦੇ ਲੋਕ ਇਸ ਤੋਂ ਡਰੇ ਹੋਏ ਅਤੇ ਸ਼ਰਮਿੰਦਾ ਹਨ ਕਿ ਸਾਡੇ ਦੇਸ਼ ਵਿਚ ਅਜਿਹਾ ਹੁੰਦਾ ਸੀ।


author

Vandana

Content Editor

Related News