ਅਫਗਾਨਿਸਤਾਨ 'ਚ ਹੁਣ 'ਕਮਾਂਡੋ' ਬੀਬੀਆਂ ਤਾਲਿਬਾਨ ਨੂੰ ਦੇਣਗੀਆਂ ਕਰਾਰਾ ਜਵਾਬ

Sunday, Jul 18, 2021 - 10:27 AM (IST)

ਅਫਗਾਨਿਸਤਾਨ 'ਚ ਹੁਣ 'ਕਮਾਂਡੋ' ਬੀਬੀਆਂ ਤਾਲਿਬਾਨ ਨੂੰ ਦੇਣਗੀਆਂ ਕਰਾਰਾ ਜਵਾਬ

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਬੀਬੀਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਭ ਦੇ ਬਾਵਜੂਦ ਤਾਲਿਬਾਨ ਦਾ ਮੁਕਾਬਲਾ ਕਰਨ ਲਈ ਹੁਣ ਇੱਥੋਂ ਦੀਆਂ ਬੀਬੀਆਂ ਨੇ ਵੀ ਹਥਿਆਰ ਚੁੱਕ ਲਏ ਹਨ। ਅਫਗਾਨਿਸਤਾਨ ਵਿਚ 20 ਬੀਬੀਆਂ ਸਮੇਤ 135 ਸਪੈਸ਼ਲ ਕਮਾਂਡੋ ਨੂੰ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਸਪੈਸ਼ਲ ਕਮਾਂਡੋ ਨੂੰ ਉੱਚ ਪੱਧਰ ਦੀ ਸਿਖਲਾਈ ਦਿੱਤੀ ਗਈ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹਨਾਂ ਸਪੈਸ਼ਲ ਕਮਾਂਡੋ ਨੂੰ ਯੁੱਧ ਪੀੜਤ ਇਲਾਕਿਆਂ ਵਿਚ ਤਾਇਨਾਤ ਕੀਤਾ ਜਾਵੇਗਾ।

ਅਫਗਾਨਿਸਤਾਨ ਦੇ ਰੱਖਿਆ ਮੰਤਰੀ ਨੇ ਇਹਨਾਂ ਕਮਾਂਡੋ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹੈ। ਕਮਾਂਡੋ ਬੀਬੀਆਂ ਦੀ ਭਰਤੀ ਅਜਿਹੇ ਸਮੇਂ 'ਤੇ ਹੋਈ ਜਦੋਂ ਪੂਰਾ ਦੇਸ਼ ਗ੍ਰਹਿਯੁੱਧ ਦੀ ਅੱਗ ਵਿਚ ਝੁਲਸ ਰਿਹਾ ਹੈ। ਤਾਲਿਬਾਨ ਦਾ ਦਾਅਵਾ ਹੈਕਿ ਉਸ ਨੇ ਦੇਸ਼ ਦੇ 85 ਫੀਸਦੀ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਸ ਦੀ ਨਜ਼ਰ ਕਾਬੁਲ 'ਤੇ ਟਿਕੀ ਹੋਈ ਹੈ। ਇਸ ਵਿਚਕਾਰ ਅਫਗਾਨ ਸੈਨਾ ਨੇ ਵੀ ਹੁਣ ਭਿਆਨਕ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਈ ਜ਼ਿਲ੍ਹਿਆਂ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ ਹੈ

ਪੜ੍ਹੋ ਇਹ ਅਹਿਮ ਖਬਰ -  ਅਫਗਾਨਿਸਤਾਨ 'ਚ 'ਭਾਰਤੀ ਪੱਤਰਕਾਰ' ਦਾਨਿਸ਼ ਸਿੱਦੀਕੀ ਦਾ ਕਤਲ, ਤਾਲਿਬਾਨ 'ਤੇ ਸ਼ੱਕ

ਤਾਲਿਬਾਨ ਦਾ ਬੀਬੀਆਂ 'ਤੇ ਜ਼ੁਲਮ
ਤਾਲਿਬਾਨ ਨੇ ਆਪਣੇ ਕੰਟਰੋਲ ਵਾਲੇ ਇਲਾਕਿਆਂ ਵਿਚ ਆਦੇਸ਼ ਦਿੱਤਾ ਹੈ ਕਿ ਬੀਬੀਆਂ ਇਕੱਲੀਆਂ ਘਰੋਂ ਬਾਹਰ ਨਾ ਨਿਕਲਣ ਅਤੇ ਪੁਰਸ਼ ਲਾਜ਼ਮੀ ਤੌਰ 'ਤੇ ਦਾੜ੍ਹੀ ਰੱਖਣ। ਤਾਲਿਬਾਨ ਨੇ ਕੁੜੀਆਂ ਲਈ ਦਾਜ ਸੰਬੰਧੀ ਨਵੇਂ ਨਿਯਮ ਬਣਾਏ ਹਨ। ਤਾਲਿਬਾਨ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹਨਾਂ ਨੂੰ 15 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਬੀਬੀਆਂ ਦੀ ਸੂਚੀ ਦਿੱਤੀ ਜਾਵੇ। ਤਾਲਿਬਾਨ ਇਹਨਾਂ ਬੀਬੀਆਂ ਅਤੇ ਬੱਚੀਆਂ ਨਾਲ ਆਪਣੇ ਲੜਾਕਿਆਂ ਦਾ ਵਿਆਹ ਕਰਾਏਗਾ।

ਇਹੀ ਨਹੀਂ ਤਾਲਿਬਾਨ ਨੇ ਬੀਬੀਆਂ ਦੇ ਸਿਲਾਈ-ਕੜਾਈ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ। ਤਖਾਰ ਇਲਾਕੇ ਵਿਚ ਰਹਿਣ ਵਾਲੇ ਸਿਵਲ ਸੋਸਾਇਟੀ ਕਾਰਕੁਨ ਮੇਰਾਜੁਦੀਨ ਸ਼ਰੀਫੀ ਕਹਿੰਦੇ ਹਨ ਕਿ ਤਾਲਿਬਾਨ ਨੇ ਬੀਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਰਸ਼ਾਂ ਦੇ ਘਰੋਂ ਬਾਹਰ ਨਾ ਨਿਕਲਣ। ਤਾਲਿਬਾਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੋਈ ਉਹਨਾਂ ਦੇ ਆਦੇਸ਼ ਦੀ ਉਲੰਘਣਾ ਕਰਦਾ ਹੈ ਤਾਂ ਉਸ  ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।  ਉਹਨਾਂ ਨੇ ਕਿਹਾ ਕਿ ਤਾਲਿਬਾਨ ਬਿਨਾਂ ਸਬੂਤ ਦੇ ਹੀ ਸੁਣਵਾਈ 'ਤੇ ਜ਼ੋਰ ਦਿੰਦਾ ਹੈ। ਅਜਿਹੇ ਵਿਚ ਹੁਣ ਅਫਗਾਨ ਸੈਨਾ ਵਿਚ ਕਮਾਂਡੋ ਬੀਬੀਆਂ ਦਾ ਸ਼ਾਮਲ ਹੋਣਾ ਉਸ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਹੈ।

ਨੋਟ- ਅਫਗਾਨਿਸਤਾਨ ਵਿਖੇ ਕਮਾਂਡੋ ਵਿਚ ਸ਼ਾਮਲ ਹੋਈਆਂ ਬੀਬੀਆਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News