ਅਫਗਾਨਿਸਤਾਨ ''ਚ 48 ਸਕੂਲੀ ਵਿਦਿਆਰਥਣਾਂ ਹੋਈਆਂ ਬੀਮਾਰ

04/02/2018 5:55:07 PM

ਕਾਬੁਲ (ਭਾਸ਼ਾ)— ਇਕ ਅਫਗਾਨ ਅਧਿਕਾਰੀ ਨੇ ਕਿਹਾ ਹੈ ਕਿ ਦੱਖਣੀ ਹੇਲਮੰਦ ਸੂਬੇ ਦੇ ਇਕ ਹਾਈ ਸਕੂਲ ਵਿਚ ਪੜ੍ਹਦੀਆਂ ਘੱਟ ਤੋਂ ਘੱਟ 48 ਸਕੂਲੀ ਵਿਦਿਆਰਥਣਾਂ ਬੀਮਾਰ ਹੋ ਗਈਆਂ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਸਾਮੂਹਿਕ ਰੂਪ ਨਾਲ ਜ਼ਹਿਰ ਦੇਣ ਦਾ ਮਾਮਲਾ ਹੋ ਸਕਦਾ ਹੈ। ਵਿਦਿਆਰਥਣਾਂ ਨੇ ਖਾਣਾ ਖਾਣ ਮਗਰੋਂ ਸਿਰ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਡਾਕਟਰ ਨਿਸਾਰ ਅਹਿਮਦ ਬਰਾਕ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਲਸ਼ਕਰ ਗ੍ਰਹਿ ਸਥਿਤ ਉਨ੍ਹਾਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਪਰ ਇਲਾਜ ਵੀ ਚੱਲ ਰਿਹਾ ਹੈ। ਬਰਾਕ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕਈ ਜਾਣਕਾਰੀ ਨਹੀਂ ਹੈ ਅਤੇ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਤਰ੍ਹਾਂ ਦਾ ਜ਼ਹਿਰ ਦਿੱਤਾ ਗਿਆ ਹੋਵੇਗਾ। ਹੇਲਮੰਦ ਦੇ ਸਿੱਖਿਆ ਵਿਭਾਗ ਦੇ ਉਪ ਨਿਦੇਸ਼ਕ ਅਹਿਮਦ ਬਿਲਾਲ ਹਕਬੀਨ ਨੇ ਕਿਹਾ ਕਿ ਪੀੜਤ ਵਿਦਿਆਰਥਣਾਂ ਸ਼ਹਿਰ ਦੇ ਸੈਂਟਰਲ ਗਰਲਜ਼ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀਆਂ ਹਨ। ਉਨ੍ਹਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸਣਯੋਗ ਹੈ ਕਿ ਹੇਲਮੰਦ ਸੂਬੇ ਦਾ ਜ਼ਿਆਦਾਤਰ ਹਿੱਸਾ ਤਾਲਿਬਾਨ ਦੇ ਕੰਟਰੋਲ ਵਿਚ ਹੈ ਅਤੇ ਉਹ ਲੜਕੀਆਂ ਦੀ ਸਿੱਖਿਆ ਦਾ ਵਿਰੋਧ ਕਰਦੇ ਹਨ।


Related News