ਇਮਰਾਨ ਬੋਲੇ- 5 ਸਾਲ ਪੂਰੇ ਕਰਾਂਗਾ, ਨਹੀਂ ਦੇਵਾਂਗਾ ਅਸਤੀਫ਼ਾ
Monday, Mar 28, 2022 - 10:56 AM (IST)
ਇਸਲਾਮਾਬਾਦ- ਪਾਕਿਸਤਾਨ ’ਚ ਵੱਡੇ ਸਿਆਸੀ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਅਸਤੀਫ਼ੇ ਦੀ ਚਰਚਾ ’ਤੇ ਐਤਵਾਰ ਮੁਕੰਮਲ ਪਾਬੰਦੀ ਲਾ ਿਦੱਤੀ। ਇੱਥੇ ਹੋਈ ਇਕ ਵੱਡੀ ਰੈਲੀ ’ਚ ਬੋਲਦਿਆਂ ਇਮਰਾਨ ਨੇ ਕਿਹਾ ਕਿ ਮੈਂ 5 ਸਾਲ ਪੂਰੇ ਕਰਾਂਗਾ ਅਤੇ ਅਸਤੀਫ਼ਾ ਨਹੀਂ ਦੇਵਾਂਗਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ 5 ਸਾਲ ਪੂਰੇ ਕਰਾਂਗੇ ਤਾਂ ਸਾਰੇ ਦੇਸ਼ ਵੇਖੇਗਾ ਕਿ ਕਦੀ ਇਤਿਹਾਸ ’ਚ ਦੂਜੀ ਕਿਸੇ ਸਰਕਾਰ ਨੇ ਓਨੀ ਗਰੀਬੀ ਘੱਟ ਨਹੀਂ ਕੀਤੀ ਜਿੰਨੀ ਅਸੀਂ ਕੀਤੀ। ਮੈਂ 25 ਸਾਲ ਪਹਿਲਾਂ ਸਿਆਸਤ’ਚ ਇਕ ਹੀ ਚੀਜ਼ ਲਈ ਆਇਆ ਸੀ ਅਤੇ ਉਹ ਇਹ ਸੀ ਕਿ ਪਾਕਿਸਤਾਨ ਜਿਸ ਮੰਤਵ ਲਈ ਬਣਾਇਆ ਗਿਆ ਸੀ, ਉਸ ਨੂੰ ਅੱਗੇ ਵਧਾ ਸਕਾਂ। ਜੋ ਕੰਮ ਅਸੀਂ ਪਿਛਲੇ 3 ਸਾਲ ’ਚ ਕੀਤੇ ਹਨ, ਉਹੋ ਜਿਹੇ ਕੰਮ ਸਾਡੇ ਤੋਂ ਪਹਿਲਾਂ ਹੋਰ ਕਿਸੇ ਨੇ ਨਹੀਂ ਕੀਤੇ।
ਇਮਰਾਨ ਵਿਰੁੱਧ ਸੋਮਵਾਰ ਯਾਨੀ ਅੱਜ ਬੇਭਰੋਸਗੀ ਦਾ ਮਤਾ ਪੇਸ਼ ਹੋਵੇਗਾ। ਵਿਰੋਧੀ ਪਾਰਟੀਆਂ ਵੱਲੋਂ ਕੌਮੀ ਅਸੈਂਬਲੀ ਸਕੱਤਰੇਤ ’ਚ 8 ਮਾਰਚ ਨੂੰ ਇਕ ਬੇਭਰੋਸਗੀ ਮਤੇ ਦਾ ਨੋਟਿਸ ਦਿੱਤੇ ਜਾਣ ਪਿੱਛੋਂ ਪਾਕਿਸਤਾਨ ’ਚ ਸਿਆਸੀ ਸਰਗਰਮੀਆਂ ਸਿਖਰਾਂ ’ਤੇ ਪੁੱਜ ਗਈਆਂ ਹਨ। ਨੋਟਿਸ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਧਾਨ ਮਤੰਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇਸ਼ ’ਚ ਆਰਥਿਕ ਸੰਕਟ ਅਤੇ ਬੇਤਹਾਸ਼ਾ ਵੱਧ ਰਹੀ ਮਹਿੰਗਾਈ ਲਈ ਜ਼ਿੰਮੇਵਾਰ ਹੈ। ਇਮਰਾਨ ਖਾਨ ਇਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਉਨ੍ਹਾਂ ਨਾਲੋਂ ਕਿਨਾਰਾ ਕਰ ਰਹੀਆਂ ਹਨ ਜਦੋਂ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਲਗਭਗ 2 ਦਰਜਨ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਵਿਰੁੱਧ ਬਗਾਵਤ ਕੀਤੀ ਹੋਈ ਹੈ। ਇਮਰਾਨ ਖਾਨ ਦੀ ਪਾਰਟੀ ਦੇ 342 ਮੈਂਬਰੀ ਕੌਮੀ ਅਸੈਂਬਲੀ ’ਚ 155 ਮੈਂਬਰ ਹਨ। ਸਰਕਾਰ ’ਚ ਟਿਕੇ ਰਹਿਣ ਲਈ ਘੱਟੋ ਘੱਟ 172 ਸੰਸਦ ਮੈਂਬਰਾਂ ਦੀ ਹਮਾਇਤ ਚਾਹੀਦੀ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਅਜੈ ਛਿੱਬਰ ਦੇ ਕਤਲ ਦਾ ਮਾਮਲਾ, ਬਰੈਂਪਟਨ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।