SCO ਸੰਮੇਲਨ ’ਚ ਬੋਲੇ ਇਮਰਾਨ, ਕਿਹਾ-ਅਫ਼ਗਾਨਿਸਤਾਨ ਨੂੰ ਬਾਹਰੋਂ ਨਹੀਂ ਕੀਤਾ ਜਾ ਸਕਦੈ ਕੰਟਰੋਲ
Friday, Sep 17, 2021 - 03:44 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਐੱਸ. ਸੀ. ਓ. ਸੰਮੇਲਨ ’ਚ ਕਿਹਾ ਕਿ ਅਫ਼ਗਾਨਿਸਤਾਨ ਨੂੰ ਬਾਹਰੋਂ ਕੰਟਰੋਲ ਨਹੀਂ ਕੀਤਾ ਜਾ ਸਕਦਾ ਤੇ ਇਸਲਾਮਾਬਾਦ ਯੁੱਧ ਪ੍ਰਭਾਵਿਤ ਗੁਆਂਢੀ ਦੇਸ਼ ਦਾ ਸਹਿਯੋਗ ਜਾਰੀ ਰੱਖੇਗਾ। ਨਾਲ ਹੀ ਉਨ੍ਹਾਂ ਨੇ ਤਾਲਿਬਾਨ ਤੋਂ ਆਪਣੇ ਵਾਅਦੇ ਪੂਰੇ ਕਰਨ ਦੀ ਅਪੀਲ ਵੀ ਕੀਤੀ। ਤਾਜਿਕਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ 20ਵੀਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਆਫ਼ ਹੈੱਡਜ਼ ਆਫ਼ ਸਟੇਟ (ਐੱਸ. ਸੀ. ਓ.-ਏ. ਸੀ. ਐੱਚ. ਐੱਸ.) ਨੂੰ ਸੰਬੋਧਨ ਕਰਦਿਆਂ ਖਾਨ ਨੇ ਇਸ ਵੇਲੇ ਤਾਲਿਬਾਨ ਦੇ ਸ਼ਾਸਨ ਅਧੀਨ ਅਫ਼ਗਾਨਿਸਤਾਨ ’ਚ ਫੌਰੀ ਮਾਨਵਤਾਵਾਦੀ ਸਹਾਇਤਾ ਲਈ ਅੰਤਰਰਾਸ਼ਟਰੀ ਸਹਾਇਤਾ ਜੁਟਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ‘ਡਾਨ’ ਅਖਬਾਰ ਨੇ ਖਾਨ ਦੇ ਹਵਾਲੇ ਨਾਲ ਕਿਹਾ, ‘‘ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਫ਼ਗਾਨ ਸਰਕਾਰ ਮੁੱਖ ਤੌਰ ’ਤੇ ਵਿਦੇਸ਼ੀ ਸਹਾਇਤਾ ’ਤੇ ਨਿਰਭਰ ਹੈ।
ਤਾਲਿਬਾਨ ਨੂੰ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। ਖਾਨ ਨੇ ਕਿਹਾ, ‘‘ਪਾਕਿਸਤਾਨ ਦੀ ਸ਼ਾਂਤੀਪੂਰਨ ਅਤੇ ਸਥਿਰ ਅਫ਼ਗਾਨਿਸਤਾਨ ’ਚ ਮਹੱਤਵਪੂਰਨ ਦਿਲਚਸਪੀ ਹੈ ਅਤੇ ਉਹ ਇਸ ਦਾ ਸਮਰਥਨ ਜਾਰੀ ਰੱਖੇਗਾ। ਅਫ਼ਗਾਨਿਸਤਾਨ ਨੂੰ ਬਾਹਰੋਂ ਕੰਟਰੋਲ ਨਹੀਂ ਕੀਤਾ ਜਾ ਸਕਦਾ।’’ 8 ਦੇਸ਼ਾਂ ਚੀਨ, ਰੂਸ, ਕਜ਼ਾਖਸਤਾਨ, ਕਿਰਗਿਜਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਦਾ ਸਮੂਹ ਐੱਸ.ਸੀ.ਓ. ਦੁਸ਼ਾਂਬੇ ’ਚ ਆਪਣਾ 21ਵਾਂ ਸੰਮੇਲਨ ਕਰ ਰਿਹਾ ਹੈ। ਅਫ਼ਗਾਨਿਸਤਾਨ ਐੱਸ. ਸੀ. ਓ. ’ਚ ਇੱਕ ਸੁਪਰਵਾਈਜ਼ਰ ਹੈ।