ਇਮਰਾਨ ਖਾਨ ਨੇ ਅਮਰੀਕਾ ’ਤੇ ਵਿੰਨ੍ਹੇ ਨਿਸ਼ਾਨੇ, ਚੀਨ ਨੂੰ ਦੱਸਿਆ ਸਦਾਬਹਾਰ ਸਹਿਯੋਗੀ
Friday, Feb 11, 2022 - 10:37 PM (IST)
ਇਸਲਾਮਾਬਾਦ (ਭਾਸ਼ਾ)-ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ’ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਉਸ ਨੇ ਆਪਣੇ ਰਣਨੀਤਕ ਟੀਚਿਆਂ ਦੀ ਪੂਰਤੀ ਲਈ ਹਮੇਸ਼ਾ ਪਾਕਿਸਤਾਨ ਦੀ ਵਰਤੋਂ ਕੀਤੀ ਹੈ ਤੇ ਜਦੋਂ ਉਦੇਸ਼ ਪੂਰਾ ਹੋਇਆ ਤਾਂ ਉਸ ਨੇ ਦੇਸ਼ ’ਤੇ ਪਾਬੰਦੀਆਂ ਲਗਾ ਦਿੱਤੀਆਂ। ਇਮਰਾਨ ਖਾਨ ਨੇ ਚੀਨ ਨੂੰ ਸਦਾਬਹਾਰ ਸਹਿਯੋਗੀ ਦੱਸਦਿਆਂ ਕਿਹਾ ਕਿ ਉਹ ਸਮੇਂ ਦੀ ਕਸੌਟੀ 'ਤੇ ਹਮੇਸ਼ਾ ਖਰਾ ਉੱਤਰਿਆ। ‘ਦਿ ਨਿਊਜ਼ ਇੰਟਰਨੈਸ਼ਨਲ’ ਅਖ਼ਬਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖਾਨ ਨੇ ਹਾਲ ਹੀ ਵਿਚ ‘ਚਾਈਨਾ ਇੰਸਟੀਚਿਊਟ ਆਫ ਫੁਡਨ ਯੂਨੀਵਰਸਿਟੀ’ ਦੀ ਸਲਾਹਕਾਰ ਸੰਮਤੀ ਦੇ ਨਿਰਦੇਸ਼ਕ ਐਰਿਫ ਲੀ ਨਾਲ ਇਕ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਇਕ ਸਵਾਲ ਦੇ ਜਵਾਬ ’ਚ ਖਾਨ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦੇ ਦੇਸ਼ ਦੇ ਅਮਰੀਕਾ ਨਾਲ ਦੋਸਤਾਨਾ ਸਬੰਧ ਰਹੇ ਹਨ। ਹਾਲਾਂਕਿ ਜਦੋਂ ਅਮਰੀਕਾ ਨੂੰ ਲੱਗਦਾ ਹੈ ਕਿ ਉਸ ਨੂੰ ਹੁਣ ਪਾਕਿਸਤਾਨ ਦੀ ਜ਼ਰੂਰਤ ਨਹੀਂ ਹੈ, ਤਾਂ ਉਹ ਉਸ ਤੋਂ ਦੂਰੀ ਬਣਾ ਲੈਂਦਾ ਹੈ। ਪਾਕਿ-ਅਮਰੀਕਾ ਸਬੰਧਾਂ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਨੇ 80 ਦੇ ਦਹਾਕੇ ’ਚ ਤੱਤਕਾਲੀ ਸੋਵੀਅਤ ਸੰਘ ਵੱਲੋਂ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ ’ਚ ਆਪਣੇ ਫੌਜੀਆਂ ਨੂੰ ਤਾਇਨਾਤ ਕਰਨ ਦਾ ਵਰਣਨ ਕਰਦੇ ਹੋਏ ਕਿਹਾ, “ਜਦੋਂ ਵੀ ਅਮਰੀਕਾ ਨੂੰ ਸਾਡੀ ਲੋੜ ਪਈ, ਉਨ੍ਹਾਂ ਨੇ ਸਬੰਧ ਸਥਾਪਿਤ ਕੀਤੇ ਅਤੇ ਪਾਕਿਸਤਾਨ (ਸੋਵੀਅਤ ਦੇ ਵਿਰੁੱਧ) ਇਕ ਮੋਹਰੀ ਰਾਜ ਬਣ ਗਿਆ ਅਤੇ ਫਿਰ ਉਸ ਨੂੰ ਛੱਡ ਦਿੱਤਾ ਅਤੇ ਸਾਡੇ 'ਤੇ ਪਾਬੰਦੀਆਂ ਲਗਾ ਦਿੱਤੀਆਂ।
ਇਹ ਵੀ ਪੜ੍ਹੋ : CM ਚਿਹਰਾ ਨਾ ਬਣਾਉਣ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਦਿੱਤੀ ਇਹ ਪ੍ਰਤੀਕਿਰਿਆ (ਵੀਡੀਓ)
ਬੀਜਿੰਗ ਦੇ ਸਰਦਰੁੱਤ ਓਲੰਪਿਕ ਦੇ ਉਦਘਾਟਨੀ ਸਮਾਰੋਹ ’ਚ ਹਿੱਸਾ ਲੈਣ ਲਈ 3 ਤੋਂ 6 ਫਰਵਰੀ ਤੱਕ ਚੀਨ ਦੀ ਆਪਣੀ ਹਾਲ ਹੀ ਦੀ ਯਾਤਰਾ ਦੌਰਾਨ ਦਿੱਤੇ ਗਏ ਇੰਟਰਵਿਊ ਦੇ ਅੰਸ਼ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਅਦ ’ਚ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਦੋਸਤਾਨਾ ਸਬੰਧ ਬਹਾਲ ਕੀਤੇ ਗਏ ਅਤੇ ਇਸਲਾਮਾਬਾਦ ਵਾਸ਼ਿੰਗਟਨ ਦਾ ਦੋਸਤ ਬਣ ਗਿਆ। ਖਾਨ ਨੇ ਕਿਹਾ, ''ਉਸ ਸਮੇਂ ਅਮਰੀਕਾ ਨੇ ਸਾਡੀ ਮਦਦ ਕੀਤੀ ਸੀ ਪਰ ਜਿਵੇਂ ਹੀ ਸੋਵੀਅਤ ਸੰਘ ਨੇ ਅਫ਼ਗਾਨਿਸਤਾਨ ਛੱਡਿਆ, ਅਮਰੀਕਾ ਨੇ ਪਾਕਿਸਤਾਨ ’ਤੇ ਪਾਬੰਦੀਆਂ ਲਗਾ ਦਿੱਤੀਆਂ।’’ ਉਨ੍ਹਾਂ ਕਿਹਾ ਕਿ ਜਦੋਂ 9/11 ਦਾ ਅੱਤਵਾਦੀ ਹਮਲਾ ਹੋਇਆ ਤਾਂ ਅਮਰੀਕਾ-ਪਾਕਿਸਤਾਨ ਦੇ ਰਿਸ਼ਤੇ ਫਿਰ ਤੋਂ ਬਿਹਤਰ ਹੋ ਗਏ। ਹਾਲਾਂਕਿ, ਜਦੋਂ ਅਮਰੀਕਾ ਅਫ਼ਗਾਨਿਸਤਾਨ ’ਚ ਅਸਫ਼ਲ ਰਿਹਾ, ਤਾਂ ਹਾਰ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਰਿਸ਼ਤੇ ਉਸ ਤਰ੍ਹਾਂ ਦੇ ਨਹੀਂ ਰਹੇ ਹਨ, ਇਸਲਾਮਾਬਾਦ ਅਤੇ ਬੀਜਿੰਗ ਸਦਾਬਹਾਰ ਸਹਿਯੋਗੀ ਹਨ। ਖਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਹਰ ਮੰਚ ’ਤੇ ਇਕ ਦੂਜੇ ਦਾ ਸਮਰਥਨ ਕੀਤਾ ਹੈ।