9 ਮਈ ਦੇ ਦੰਗਿਆਂ ਦੇ ਮਾਮਲੇ ’ਚ ਇਮਰਾਨ ਖਾਨ ਦੇ ਭਾਣਜੇ ਨੂੰ ਮਿਲੀ ਜ਼ਮਾਨਤ
Thursday, Sep 04, 2025 - 10:39 PM (IST)

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਹੋਰ ਭਾਣਜੇ ਸ਼ੇਰ ਸ਼ਾਹ ਖਾਨ, ਜੋ ਕਿ ਜੇਲ ’ਚ ਬੰਦ ਹੈ, ਨੂੰ ਵੀਰਵਾਰ ਨੂੰ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ 9 ਮਈ ਦੇ ਦੰਗਿਆਂ ਨਾਲ ਸਬੰਧਤ ਇਕ ਮਾਮਲੇ ’ਚ ਜ਼ਮਾਨਤ ਦੇ ਦਿੱਤੀ ਹੈ।
ਇਹ ਮਾਮਲਾ 9 ਮਈ ਦੇ ਦੰਗਿਆਂ ਦੌਰਾਨ ਲਾਹੌਰ ’ਚ ਇਕ ਸੀਨੀਅਰ ਫੌਜੀ ਅਧਿਕਾਰੀ ਦੇ ਘਰ ’ਤੇ ਹੋਏ ਹਮਲੇ ਨਾਲ ਸਬੰਧਤ ਹੈ। ਇਕ ਦਿਨ ਪਹਿਲਾਂ ਸ਼ੇਰ ਸ਼ਾਹ ਖਾਨ ਦੇ ਭਰਾ ਸ਼ਹਿਰੇਜ਼ ਖਾਨ ਨੂੰ ਵੀ ਏ. ਟੀ. ਸੀ. ਲਾਹੌਰ ਨੇ ਇਸੇ ਮਾਮਲੇ ’ਚ ਜ਼ਮਾਨਤ ਦਿੱਤੀ ਸੀ।
ਸ਼ੇਰ ਸ਼ਾਹ ਅਤੇ ਸ਼ਹਿਰੇਜ਼ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦੇ ਪੁੱਤਰ ਹਨ। ਲਾਹੌਰ ਪੁਲਸ ਨੇ 21 ਅਗਸਤ ਨੂੰ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅਲੀਮਾ ਦਾ ਕਹਿਣਾ ਹੈ ਕਿ ਇਹ ਇਕ ਜਾਅਲੀ ਕੇਸ ਹੈ। ਪਿਛਲੇ ਹਫ਼ਤੇ ਪੁਲਸ ਹਿਰਾਸਤ ਖਤਮ ਹੋਣ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ।