ਪਾਕਿਸਤਾਨ ’ਚ ਅੱਤਵਾਦੀਆਂ ਨੇ ਕੁੜੀਆਂ ਦੇ ਸਕੂਲ ਨੂੰ ਬੰਬ ਨਾਲ ਉਡਾਇਆ
Sunday, Aug 31, 2025 - 09:44 PM (IST)

ਪਿਸ਼ਾਵਰ (ਭਾਸ਼ਾ)-ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਲੱਕੀ ਮਰਵਤ ਜ਼ਿਲੇ ਵਿਚ ਐਤਵਾਰ ਤੜਕੇ ਅੱਤਵਾਦੀਆਂ ਨੇ ਕੁੜੀਆਂ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਨਾਲ ਨਿਸ਼ਾਨਾ ਬਣਾਇਆ। ਧਮਾਕੇ ਨਾਲ ਇਮਾਰਤ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਪਰ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਲਿਆ, ਜਦੋਂ ਕਿ ਆਲੇ-ਦੁਆਲੇ ਦੇ ਖੇਤਰਾਂ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਸੇ ਜ਼ਿਲੇ ਦੇ ਪਹਾੜਖੇਲ ਪੱਕਾ ਪਿੰਡ ਵਿਚ ਇਕ ਵੱਖਰੀ ਘਟਨਾ ’ਚ ਹਥਿਆਰਬੰਦ ਵਿਅਕਤੀਆਂ ਨੇ ਕਥਿਤ ਤੌਰ ’ਤੇ ਇਕ ਨੌਜਵਾਨ ਨੂੰ ਅਗਵਾ ਕਰ ਲਿਆ।
ਉਸ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿਚ ਸੁੱਟਣ ਤੋਂ ਪਹਿਲਾਂ ਕਥਿਤ ਤੌਰ ’ਤੇ ਤਸੀਹੇ ਦਿੱਤੇ ਗਏ। ਸਥਾਨਕ ਲੋਕਾਂ ਨੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਪਹੁੰਚਾਇਆ। ਲੱਕੀ ਮਰਵਤ ਜ਼ਿਲੇ ਵਿਚ ਸਰਗਰਮ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਉਪ-ਸਮੂਹ ਕੁੜੀਆਂ ਦੀ ਸਿੱਖਿਆ ਦਾ ਵਿਰੋਧ ਕਰਨ ਲਈ ਜਾਣੇ ਜਾਂਦੇ ਹਨ ਅਤੇ ਅਕਸਰ ਸਕੂਲਾਂ ’ਤੇ ਹਮਲੇ ਕਰਦੇ ਹਨ।