ਇਮਰਾਨ ਖਾਨ ਦੀ ਮੌਤ ''ਤੇ ਜੇਲਰ ਦਾ ਵੱਡਾ ਖੁਲਾਸਾ
Thursday, Nov 27, 2025 - 09:05 AM (IST)
ਇਸਲਾਮਾਬਾਦ (ਪਾਕਿਸਤਾਨ): ਪਾਕਿਸਤਾਨ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਟੀ.ਆਈ. ਸੰਸਥਾਪਕ ਇਮਰਾਨ ਖਾਨ ਦੀ ਹੱਤਿਆ ਜਾਂ ਮੌਤ ਦੀਆਂ ਅਟਕਲਾਂ ਨੇ ਦੇਸ਼ ਵਿੱਚ ਹੜਕੰਪ ਮਚਾ ਦਿੱਤਾ ਹੈ। ਸਥਿਤੀ ਇੰਨੀ ਵਿਗੜ ਗਈ ਕਿ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੂੰ ਜਵਾਬ ਦੇਣ ਲਈ ਅੱਗੇ ਆਉਣਾ ਪਿਆ।
ਜੇਲ੍ਹ ਪ੍ਰਸ਼ਾਸਨ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਮਰਾਨ ਖਾਨ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਜਾਇਆ ਗਿਆ ਹੈ ਅਤੇ ਉਹ 'ਪੂਰੀ ਤਰ੍ਹਾਂ ਤੰਦਰੁਸਤ' ਹਨ। ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਿਹਤ ਬਾਰੇ ਚੱਲ ਰਹੀਆਂ ਚਰਚਾਵਾਂ 'ਬੁਨਿਆਦੀ ਤੌਰ 'ਤੇ ਗਲਤ' ਹਨ, ਅਤੇ ਉਨ੍ਹਾਂ ਨੂੰ ਪੂਰੀਆਂ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਮਖਮਲੀ ਗੱਦੇ ਤੇ ਫਾਈਵ ਸਟਾਰ ਹੋਟਲ ਤੋਂ ਵੱਧੀਆ ਖਾਣੇ ਦਾ ਆਨੰਦ ਮਾਣ ਰਹੇ ਇਮਰਾਨ
ਇਸ ਦੌਰਾਨ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ 'ਬੇਹੱਦ ਆਰਾਮਦਾਇਕ ਸਹੂਲਤਾਂ' ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖਾਨ ਨੂੰ ਮਿਲਣ ਵਾਲਾ ਖਾਣਾ 'ਫਾਈਵ ਸਟਾਰ ਹੋਟਲ ਤੋਂ ਵੀ ਵਧੀਆ' ਹੈ। ਆਸਿਫ਼ ਦੇ ਅਨੁਸਾਰ, ਖਾਨ ਕੋਲ ਟੀ.ਵੀ. ਦੇਖਣ ਲਈ ਪਸੰਦ ਦਾ ਚੈਨਲ, ਕਸਰਤ ਕਰਨ ਵਾਲੀਆਂ ਮਸ਼ੀਨਾਂ, ਇੱਥੋਂ ਤੱਕ ਕਿ ਡਬਲ ਬੈੱਡ ਅਤੇ ਮਖਮਲੀ ਗੱਦਾ ਵੀ ਮੌਜੂਦ ਹੈ। ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਤੋਂ ਲੈ ਕੇ ਅੱਤਵਾਦ ਤੱਕ ਦੇ ਕਈ ਮਾਮਲੇ ਦਰਜ ਹਨ।
ਭੈਣ ਅਲੀਮਾ ਖਾਨ ਦਾ ਧਰਨਾ ਖਤਮ
ਦੂਜੇ ਪਾਸੇ, ਅਦਿਆਲਾ ਜੇਲ੍ਹ ਦੇ ਬਾਹਰ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦੀ ਅਗਵਾਈ ਵਿੱਚ ਚੱਲ ਰਿਹਾ ਪ੍ਰਦਰਸ਼ਨ ਆਖ਼ਰਕਾਰ ਬੁੱਧਵਾਰ ਨੂੰ ਖ਼ਤਮ ਹੋ ਗਿਆ। ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ, ਜਿਸ ਵਿੱਚ ਪੀ.ਟੀ.ਆਈ. ਦੇ ਵੱਡੀ ਗਿਣਤੀ ਵਿੱਚ ਸਮਰਥਕ ਸ਼ਾਮਲ ਸਨ। ਪੁਲਸ ਨਾਲ ਗੱਲਬਾਤ ਸਫਲ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤੀ ਨਾਲ ਹੱਟ ਗਏ। ਪੁਲਸ ਅਧਿਕਾਰੀਆਂ ਨੇ ਅਲੀਮਾ ਖਾਨ ਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਅਤੇ ਪਰਿਵਾਰ ਦੀ ਇਮਰਾਨ ਖਾਨ ਨਾਲ ਮੁਲਾਕਾਤ ਅੱਜ ਅਤੇ ਅਗਲੇ ਮੰਗਲਵਾਰ ਨੂੰ ਕਰਵਾਈ ਜਾਵੇਗੀ।ਧਰਨੇ ਦੌਰਾਨ ਅਲੀਮਾ ਖਾਨ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਭਰਾ ਨੂੰ 'ਇਕਾਂਤਵਾਸ' ਵਿੱਚ ਰੱਖਿਆ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਅਤੇ ਗਲਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦੇ ਪ੍ਰਦਰਸ਼ਨ ਨੂੰ 'ਡਰਾਮਾ' ਕਹਿ ਰਹੇ ਸਨ, ਉਨ੍ਹਾਂ ਨੂੰ ਵੱਡੀ ਪੁਲਸ ਤਾਇਨਾਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਸ਼ਾਂਤੀਪੂਰਵਕ ਆਪਣਾ ਹੱਕ ਮੰਗ ਰਿਹਾ ਹੈ ਅਤੇ ਉਹ ਡਰਨ ਵਾਲੇ ਨਹੀਂ ਹਨ।
