ਇਮਰਾਨ ਸਰਕਾਰ ਦਾ ਲਾਕਡਾਊਨ ਫੇਲ, ਲਾਹੌਰ ''ਜਲਸੇ'' ''ਚ ਇਕੱਠੀ ਹੋਈ ਭੀੜ
Sunday, Dec 13, 2020 - 11:10 PM (IST)
ਲਾਹੌਰ - ਠੰਡ ਦੇ ਮੌਸਮ ਅਤੇ ਕੋਰੋਨਾ ਵਾਇਰਸ ਦੀ ਚਿੰਤਾ ਕੀਤੇ ਬਗੈਰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦੇ 'ਲਾਹੌਰ ਜਲਸੇ' ਲਈ ਭਾਰੀ ਭੀੜ ਇਕੱਠੀ ਹੋਈ। ਇਸ ਰੈਲੀ ਦਾ ਆਯੋਜਨ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਐੱਨ.) ਨੇ ਕੀਤਾ ਸੀ। ਲਾਹੌਰ ਦੇ ਮੀਨਾਰ-ਏ-ਪਾਕਿਸਾਤਨ ਮੈਦਾਨ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਿਤ ਕਰਨ ਲਈ ਪੀ. ਡੀ. ਐੱਮ. ਦੇ ਚੀਫ ਮੌਲਾਨਾ ਫਜ਼ਲੁਰ ਰਹਿਮਾਨ, ਪੀ. ਐੱਮ. ਐੱਲ.-ਐੱਨ. ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਅਤੇ ਪੀ. ਪੀ. ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਪਹੁੰਚੇ। ਰੈਲੀ ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਹੀ ਭੀੜ ਮੈਦਾਨ ਵਿਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਭੀੜ ਨੇ ਨਾਅਰੇਬਾਜ਼ੀ ਵੀ ਕੀਤੀ।
ਸਰਕਾਰ ਕਰ ਰਹੀ ਰੋਕਣ ਦੀ ਕੋਸ਼ਿਸ਼
ਇਮਰਾਨ ਖਾਨ ਦੀ ਸਰਕਾਰ ਨੇ ਵਿਰੋਧੀ ਪਾਰਟੀ ਦੀ ਇਸ ਰੈਲੀ ਨੂੰ ਰੋਕਣ ਲਈ ਆਪਣਾ ਪੂਰਾ ਜ਼ੋਰ ਲਾਇਆ। ਪਾਕਿਸਤਾਨ ਸਰਕਾਰ ਨੇ ਰੈਲੀ ਵਾਲੀ ਥਾਂ ਦੇ ਨੇੜੇ ਕੋਰੋਨਾ ਵਾਇਰਸ ਸਮਾਰਟ ਲਾਕਡਾਊਨ ਦਾ ਐਲਾਨ ਕਰ ਦਿੱਤਾ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜ ਕੇ ਜੇਲ ਵਿਚ ਸੁੱਟਿਆ ਜਾ ਸਕਦਾ ਹੈ। ਪਾਕਿਸਤਾਨੀ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਕਿ ਇਹ ਲਾਕਡਾਊਨ ਜੋ ਐਤਵਾਰ ਸਵੇਰ ਲਾਗੂ ਹੋਇਆ, 25 ਦਸੰਬਰ ਤੱਕ ਜਾਰੀ ਰਹੇਗਾ।
ਕਾਰਵਾਈ ਦੀ ਦਿੱਤੀ ਸੀ ਚਿਤਾਵਨੀ
ਐਤਵਾਰ ਦੀ ਰੈਲੀ ਅਜਿਹੇ ਸਮੇਂ ਆਯੋਜਿਤ ਕੀਤੀ ਗਈ ਜਦ ਪੀ. ਡੀ. ਐੱਮ. ਦੇ ਨੇਤਾਵਾਂ ਲਈ ਸੁਰੱਖਿਆ ਖਤਰੇ ਦੇ ਅਲਰਟ ਜਾਰੀ ਕੀਤੇ ਗਏ ਸਨ। ਸਰਕਾਰ ਨੇ ਵੀ ਕੋਰੋਨਾ ਦੇ ਸਬੰਧ ਵਿਚ ਇਸ ਰੈਲੀ ਨੂੰ ਨਾ ਕਰਨ ਦੀ ਅਪੀਲ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਓਸਮਾਨ ਬੁਜ਼ਦਾਰ ਨੇ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਕਾਨੂੰਨ ਦਾ ਉਲੰਘਣ ਕੀਤਾ ਗਿਆ ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਮਰਾਨ ਸਰਕਾਰ ਦਾ ਲਾਕਡਾਊਨ ਫੇਲ, ਲਾਹੌਰ 'ਜਲਸੇ' 'ਚ ਇਕੱਠੀ ਹੋਈ ਭੀੜ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ ਜੀ।