ਪਾਕਿਸਤਾਨ ''ਚ ਇਮਰਾਨ ਸਰਕਾਰ ''ਤੇ ਭੜਕੀ ਵਿਰੋਧੀ ਧਿਰ, ਕੀਤਾ ਇਹ ਐਲਾਨ
Tuesday, Oct 19, 2021 - 04:52 PM (IST)
ਇਸਲਾਮਾਬਾਦ- ਪਾਕਿਸਤਾਨ 'ਚ ਕੀਮਤਾਂ 'ਚ ਹਾਲ ਹੀ 'ਚ ਬੇਤਹਾਸ਼ਾ ਵਾਧੇ ਨੂੰ ਲੈ ਕੇ ਵਿਰੋਧੀ ਦਲਾਂ ਪਾਕਿਸਤਾਨ ਡੈਮੈਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਨੇ ਇਮਰਾਨ ਸਰਕਾਰ ਦੇ ਖ਼ਿਲਾਫ਼ ਹੱਲਾ ਬੋਲਦੇ ਹੋਏ ਦੇਸ਼ ਪੱਧਰੀ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਵਿਰੋਧੀ ਨੇਤਾ ਸਾਹਬਾਜ਼ ਸ਼ਰੀਫ਼ ਤੇ ਪੀ. ਡੀ. ਐੱਮ. ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਦਰਮਿਆਨ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਪ੍ਰਦਰਸ਼ਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਮਰਾਨ ਸਰਕਾਰ ਨੇ ਬਿਜਲੀ ਤੇ ਗੈਸ ਦੀਆਂ ਕੀਮਤਾਂ 'ਚ ਵੀ ਭਾਰੀ ਵਾਧਾ ਕੀਤਾ ਹੈ। ਖਾਧ ਤੇਲ ਤੇ ਘਿਓ ਸਣੇ ਖਾਧ ਵਸਤਾਂ ਤੇ ਈਂਧਨ ਦੇ ਵਧਦੇ ਖ਼ਰਚ ਨੇ ਪਾਕਿਸਤਾਨ 'ਚ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਫ਼ੈਸਲਾਬਾਦ 'ਚ ਪੀ. ਡੀ. ਐੱਮ. ਦੀ ਰੈਲੀ 'ਚ ਫੈਜ਼ ਹਮੀਦ ਅਸਤੀਫਾ ਦਿਓ ਦੇ ਨਾਅਰੇ ਲੱਗੇ। ਵਿਰੋਧੀ ਧਿਰ ਖ਼ਾਸ ਕਰਕੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.- ਐੱਨ) ਨੇ ਹਮੀਦ 'ਤੇ ਇਮਰਾਨ ਖਾਨ ਦੀ ਕਠਪੁਤਲੀ ਸਰਕਾਰ ਨੂੰ ਸਥਾਪਤ ਕਰਨ ਲਈ ਸਿਆਸੀ ਖੇਡ ਕਰਨ ਦਾ ਦੋਸ਼ ਲਾਇਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਮਹਿੰਗਾਈ ਦਰਮਿਆਨ ਲੋਕਾਂ ਦਾ ਬੁਰਾ ਹਾਲ ਹੇ। ਇਸ ਸਮੱਸਿਆ ਤੋਂ ਨਜਿੱਠਣ ਲਈ ਪਾਕਿਸਤਾਨੀ ਮੰਤਰੀ ਨੇ ਸਲਾਹ ਦਿੱਤੀ ਹੈ ਜਿਸ ਤੋਂ ਬਾਅਦ ਲੋਕ ਲਗਾਤਾਰ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੇ ਗਿਲਗਿਤ ਬਾਲਟਿਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਲੋਕਾਂ ਨੂੰ ਕਿਹਾ ਕਿ ਉਹ ਘੱਟ ਖਾਣ। ਜੀਓ ਨਿਊਜ਼ ਦੇ ਮੁਤਾਬਕ ਗੰਡਾਪੁਰ ਨੇ ਬੁੱਧਵਾਰ ਨੂੰ ਇਕ ਜਨਸਭਾ ਨੂੰ ਸੰਬੋਧਨ ਕਰਦੇ ਹਏ ਇਹ ਗੱਲ ਕਹੀ ਸੀ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਸੀ ਕਿ ਉਹ ਖੰਡ ਤੇ ਆਟੇ ਦੀ ਖ਼ਪਤ ਘੱਟ ਕਰ ਦੇਣ।