ਕਸ਼ਮੀਰ ਮੁੱਦੇ ਦੇ ਹੱਲ ਲਈ ਪ੍ਰਸਤਾਵ ਤਿਆਰ ਕਰ ਰਹੀ ਹੈ ਇਮਰਾਨ ਸਰਕਾਰ
Wednesday, Aug 29, 2018 - 07:47 PM (IST)

ਇਸਲਾਮਾਬਾਦ— ਪਾਕਿਸਤਾਨ ਦੀ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਕਸ਼ਮੀਰ ਮੁੱਦੇ ਦੇ ਹੱਲ ਲਈ ਇਕ ਪ੍ਰਸਤਾਵ ਤਿਆਰ ਕਰ ਰਹੀ ਹੈ। ਮੰਤਰੀ ਨੇ ਇਸ ਪ੍ਰਸਤਾਵ ਦੇ ਮਸੌਦੇ ਨੂੰ ਵਿਵਾਦ ਸੁਲਝਾਉਣ ਲਈ ਆਦਰਸ਼ ਕਰਾਰ ਦਿੱਤਾ ਹੈ। ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਇਕ ਟੀਵੀ ਗੱਲਬਾਤ ਪ੍ਰੋਗਰਾਨ ਦੌਰਾਨ ਇਹ ਖੁਲਾਸਾ ਕੀਤਾ ਪਰ ਉਨ੍ਹਾਂ ਨੇ ਇਸ ਪ੍ਰਸਤਾਵ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ।
ਮਜਾਰੀ ਨੇ ਇਸ ਹਫਤੇ ਦੇ ਸ਼ੁਰੂ 'ਚ ਇਕ ਉਰਦੂ ਭਾਸ਼ਾ ਦੇ ਸਮਾਚਾਰ ਚੈਨਲ ਦੇ ਐਂਕਰ ਨੂੰ ਦੱਸਿਆ ਕਿ ਅਸੀਂ ਹਫਤੇ ਦੇ ਅੰਦਰ ਪ੍ਰਸਤਾਵ ਤਿਆਰ ਕਰ ਲਵਾਂਗੇ ਤੇ ਪਾਰਟੀਆਂ 'ਚ ਇਸ ਨੂੰ ਵੰਡ ਦਿਆਂਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਹੱਲ ਲਈ ਪ੍ਰਸਤਾਵ ਆਦਰਸ਼ ਹੈ ਤੇ ਇਹ ਪ੍ਰਸਤਾਵ ਕੈਬਨਿਟ ਤੇ ਪ੍ਰਧਾਨ ਮੰਤਰੀ ਖਾਨ ਦੇ ਸਾਹਮਣੇ ਵੀ ਪੇਸ਼ ਕੀਤਾ ਜਾਵੇਗਾ। ਪਾਕਿਸਤਾਨ 'ਚ ਤਾਕਤਵਰ ਫੌਜ ਦੇ ਕਰੀਬੀ ਮੰਨੀ ਜਾਣ ਵਾਲੀ ਮਜਾਰੀ ਨੇ ਕਿਹਾ ਕਿ ਜੇਕਰ ਮਸੌਦਾ ਮਨਜ਼ੂਰ ਹੋ ਜਾਂਦਾ ਹੈ ਤਾਂ ਅਸੀਂ ਇਸ 'ਤੇ ਅੱਗੇ ਵਧਾਂਗੇ। ਪਾਕਿਸਤਾਨ 'ਚ ਨੀਤੀਗਤ ਫੈਸਲਿਆਂ 'ਤੇ ਫੌਜ ਦਾ ਚੰਗਾ ਪ੍ਰਭਾਵ ਰਹਿੰਦਾ ਹੈ। ਮਸੌਦੇ ਦੀ ਸਥਿਤੀ ਬਾਰੇ 'ਚ ਪੁੱਛੇ ਜਾਣ 'ਤੇ ਮੰਤਰੀ ਨੇ ਕਿਹਾ ਕਿ ਇਹ ਲਗਭਰ ਤਿਆਰ ਹੈ। ਪਿਛਲੇ ਮਹੀਨੇ ਜਿੱਤ ਦੇ ਮੌਕੇ 'ਤੇ ਦਿੱਤੇ ਗਏ ਆਪਣੇ ਭਾਸ਼ਣ 'ਚ ਖਾਨ ਨੇ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਸੁਧਾਰਣ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਚਾਹੇਗੀ ਕਿ ਦੋਵਾਂ ਪੱਖਾਂ ਦੇ ਨੇਤਾ ਕਸ਼ਮੀਰ ਸਣੇ ਸਾਰੇ ਵਿਵਾਦਾਂ ਨੂੰ ਗੱਲਬਾਤ ਦੇ ਰਾਹੀਂ ਹੱਲ ਕਰੇ।