ਅਮਰੀਕੀ ਸ਼ਖ਼ਸੀਅਤਾਂ ਨੇ ਪਾਕਿਸਤਾਨ ਸਰਕਾਰ ਨੂੰ ''ਭਾਰਤ ਨਾਲ ਬਿਹਤਰ ਸਬੰਧ'' ਬਣਾਉਣ ਦੀ ਕੀਤੀ ਅਪੀਲ
Tuesday, Apr 26, 2022 - 10:00 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਲੋਕਤੰਤਰ ਸਮਰਥਕ ਬੁੱਧੀਜੀਵੀਆਂ, ਸਿਆਸਤਦਾਨਾਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਇੱਕ ਸਮੂਹ ਨੇ ਪਾਕਿਸਤਾਨ ਦੀ ਨਵ-ਨਿਯੁਕਤ ਸਰਕਾਰ ਨੂੰ ਨਸਲੀ ਅਤੇ ਧਾਰਮਿਕ ਟਕਰਾਅ ਨੂੰ ਖ਼ਤਮ ਕਰਨ ਵਿਚ ਉਸਾਰੂ ਭੂਮਿਕਾ ਨਿਭਾਉਣ ਅਤੇ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਬੁਲਾਰਿਆਂ ਨੇ ਇਹ ਗੱਲ ‘ਸਾਊਥ ਏਸ਼ੀਅਨਜ਼ ਅਗੇਂਸਟ ਟੈਰਰਿਜ਼ਮ ਐਂਡ ਫਾਰ ਹਿਊਮਨ ਰਾਈਟਸ’ (SAATH) ਵੱਲੋਂ ਆਯੋਜਿਤ ਇਕ ਆਨਲਾਈਨ ਪ੍ਰੋਗਰਾਮ ਵਿਚ ਕਹੀ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਬਣੀ ਸਰਕਾਰ ਨੂੰ ਹਿੰਸਾ ਨੂੰ ਖ਼ਤਮ ਕਰਨ ਦਾ ਰਾਹ ਲੱਭਣ ਲਈ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਲੋਕਾਂ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਮੀਡੀਆ 'ਚ ਜਾਰੀ ਇਕ ਬਿਆਨ ਮੁਤਾਬਕ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਖਾਸ ਤੌਰ 'ਤੇ ਭਾਰਤ ਅਤੇ ਅਫਗਾਨਿਸਤਾਨ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ। ਐੱਸ.ਏ.ਏ.ਟੀ.ਐੱਚ. ਦੇ ਸਹਿ-ਸੰਸਥਾਪਕ ਅਤੇ ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਰਾਜਨੀਤੀ ਦੇ ਫ਼ੌਜੀਕਰਨ ਅਤੇ ਸਿਆਸੀ ਕਾਰਨਾਂ ਲਈ ਧਰਮ ਦੀ ਵਰਤੋਂ ਨੂੰ ਖ਼ਤਮ ਕੀਤੇ ਬਿਨਾਂ ਮੌਜੂਦਾ ਸੰਕਟ ਤੋਂ ਬਾਹਰ ਨਹੀਂ ਆ ਸਕਦਾ। ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਦਾ ਪੂਰਾ ਧਿਆਨ ਆਪਣੇ ਲੋਕਾਂ ਦੀ ਖੁਸ਼ਹਾਲੀ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਬੇਕਾਰ ਵਿਚਾਰਧਾਰਾ 'ਤੇ।
ਪੜ੍ਹੋ ਇਹ ਅਹਿਮ ਖ਼ਬਰ -ਪਾਕਿ: ਸ਼ਰੀਫ਼ ਵੱਲੋਂ ਕੈਦੀਆਂ ਦੀ ਦੋ ਮਹੀਨੇ ਦੀ ਸਜ਼ਾ ਮੁਆਫ਼ ਕਰਨ ਦਾ ਐਲਾਨ, ਹਾਫ਼ਿਜ਼ ਨੂੰ ਨਹੀਂ ਮਿਲੇਗਾ ਲਾਭ
ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣਾ ਯਕੀਨੀ ਕਰ ਸਕਦੇ ਹਨ। ਸਾਬਕਾ ਸੰਸਦ ਮੈਂਬਰ ਫਰਹਤੁੱਲਾ ਬਾਬਰ ਨੇ ਸੁਰੱਖਿਆ ਅਦਾਰੇ ਦੇ ਅੰਦਰ "ਵੰਡ" ਦੀਆਂ ਰਿਪੋਰਟਾਂ 'ਤੇ ਚਿੰਤਾ ਜ਼ਾਹਰ ਕੀਤੀ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਜਨਰਲ ਸਕੱਤਰ ਵੀ ਹਨ। ਬਾਬਰ ਨੇ ਕਿਹਾ ਕਿ ਜਦੋਂ ਕੋਈ ਸਮੂਹ ਬਹੁਤ ਜ਼ਿਆਦਾ ਤਾਕਤ ਹਾਸਲ ਕਰ ਲੈਂਦਾ ਹੈ, ਤਾਂ ਉਸ ਦੇ ਆਪਣੇ ਅੰਦਰ ਹੀ ਟਕਰਾਅ ਸ਼ੁਰੂ ਹੋ ਜਾਂਦਾ ਹੈ। ਉੱਥੇ ਸਾਬਕਾ ਸਾਂਸਦ ਅਫਰਾਸਿਆਬ ਖੱਟਕ ਨੇ 'ਜਨਰਲ ਸ਼ਾਹੀ' ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਉਹੀ ਚੀਜ਼ ਹੈ ਜਿਸ ਨੇ ਇਮਰਾਨ ਖਾਨ ਨੂੰ ਸੱਤਾ ਵਿੱਚ ਲਿਆਂਦਾ। ਬਲੋਚ ਕਾਰਕੁਨ ਕੀਆ ਬਲੋਚ ਅਤੇ ਸਿੰਧ ਯੂਨਾਈਟਿਡ ਪਾਰਟੀ ਦੇ ਜ਼ੈਨ ਸ਼ਾਹ ਨੇ ਬਲੋਚਾਂ ਅਤੇ ਸਿੰਧੀ ਰਾਸ਼ਟਰਵਾਦੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਫ਼ੌਜੀ ਕਾਰਵਾਈਆਂ ਨੂੰ ਖ਼ਤਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।