ਫਿਰ ਤੋਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ’ਤੇ ਅਮਰੀਕਾ ਨਾਲ ਸੁਧਾਰਾਂਗਾ ਸਬੰਧ : ਇਮਰਾਨ ਖਾਨ
Tuesday, Nov 15, 2022 - 01:13 AM (IST)
ਇਸਲਾਮਾਬਾਦ (ਏ. ਐੱਨ. ਆਈ.)-ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਫਿਰ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਅਮਰੀਕਾ ਨਾਲ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ ਅਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਲਈ ਹੁਣ ਉਸ ਨੂੰ ਦੋਸ਼ ਨਹੀਂ ਦਿੰਦੇ। ਅਜਿਹਾ ਕਹਿ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪਿਛਲੇ ਬਿਆਨ ਤੋਂ ਇਕ ਤਰ੍ਹਾਂ ਦਾ ‘ਯੂ-ਟਰਨ’ ਲੈ ਲਿਆ ਹੈ। ਖਾਨ ਦਾ ਦੋਸ਼ ਸੀ ਕਿ ਅਮਰੀਕਾ ਨੇ ਤੱਤਕਾਲੀ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਸਮਰਥਨ ਕਰ ਕੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਚਿੰਤਾਵਾਂ ਦਾ ਕਰੇ ਹੱਲ
ਇਸੇ ਸਾਲ ਅਪ੍ਰੈਲ ਮਹੀਨੇ ’ਚ ਬੇਭਰੋਸਗੀ ਮਤੇ ’ਚ ਸੱਤਾ ਤੋਂ ਬਾਹਰ ਹੋਏ ਖਾਨ (70) ਹੁਣ ਤੱਕ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਚੋਟੀ ਦੇ ਸੁਰੱਖਿਆ ਭਾਈਵਾਲ ਅਮਰੀਕਾ ਦੀ ਸਾਜ਼ਿਸ਼ ਸੀ। ਖਾਨ ਨੇ ‘ਫਾਈਨੈਂਸ਼ੀਅਲ ਟਾਈਮਜ਼’ ਨਾਲ ਇੰਟਰਵਿਊ ’ਚ ਕਿਹਾ ਕਿ ਮੈਂ ਜਿਸ ਪਾਕਿਸਤਾਨ ਦੀ ਅਗਵਾਈ ਕਰਨਾ ਚਾਹੁੰਦਾ ਹਾਂ, ਉਸ ਦੇ ਸਾਰਿਆਂ ਨਾਲ ਚੰਗੇ ਸਬੰਧ ਹੋਣੇ ਚਾਹੀਦੇ ਹਨ, ਖਾਸ ਕਰ ਕੇ ਅਮਰੀਕਾ ਨਾਲ।