ਅਮਰੀਕਾ 'ਚ ਪੱਕੇ ਹੋਣ ਦੀ ਉਡੀਕ ਕਰ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਅਹਿਮ ਖ਼ਬਰ

06/11/2024 6:02:25 PM

ਵਾਸ਼ਿੰਗਟਨ : ਅਮਰੀਕਾ ਵਿਚ ਪੱਕੇ ਹੋਣ ਦੀ ਉਡੀਕ ਕਰ ਰਹੇ ਲੱਖਾਂ ਪ੍ਰਵਾਸੀਆਂ ਲਈ ਚੰਗੀ ਖ਼ਬਰ ਹੈ। ਅਸਲ ਵਿਚ ਬਾਈਡੇਨ ਸਰਕਾਰ ਇਕ ਨਵੀਂ ਨੀਤੀ ’ਤੇ ਵਿਚਾਰ ਕਰ ਰਹੀ ਹੈ ਜਿਸ ਤਹਿਤ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾਉਣ ਵਾਲੇ ਉਨ੍ਹਾਂ ਪ੍ਰਵਾਸੀਆਂ ਨੂੰ ਗਰੀਨ ਕਾਰਡ ਹਾਸਲ ਕਰਨ ਦਾ ਮੌਕਾ ਮਿਲੇਗਾ ਜੋ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਏ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਤਕਰੀਬਨ 50 ਲੱਖ ਅਮਰੀਕੀਆਂ ਦੇ ਜੀਵਨ ਸਾਥੀ ਗੈਰਕਾਨੂੰਨੀ ਪ੍ਰਵਾਸੀ ਹਨ ਜਾਂ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੇ ਬਾਲਗ ਹੋ ਚੁੱਕੇ ਬੱਚੇ ਹਨ। ਚੋਣਾਂ ਦੇ ਮੱਦੇਨਜ਼ਰ ਇਹ ਨੀਤੀ ਬੇਹੱਦ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਅਤੇ ਐਰੀਜ਼ੋਨਾ, ਜਾਰਜੀਆ ਅਤੇ ਨੇਵਾਡਾ ਵਰਗੇ ਰਾਜਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੀਆਂ ਵੋਟਾਂ ਵਧ ਸਕਦੀਆਂ ਹਨ।  

ਅਮੈਰਿਕਨ ਇਮੀਗ੍ਰੇਸ਼ਨ ਬਿਜ਼ਨਸ ਕੌਂਸਲ ਦਾ ਕਹਿਣਾ ਹੈ ਕਿ ਇਨ੍ਹਾਂ ਰਾਜਾਂ ਵਿਚ ਇਕ ਲੱਖ ਤੋਂ ਵੱਧ ਵੋਟਰ ਅਜਿਹੇ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਗੈਰਕਾਨੂੰਨੀ ਪ੍ਰਵਾਸੀ ਹੈ। ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਰਿਬੇਕਾ ਸ਼ੀ ਦਾ ਕਹਿਣਾ ਸੀ ਕਿ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀਆਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਅਤੇ ਹੁਣ ਤੱਕ ਕੋਈ ਇਮੀਗ੍ਰੇਸ਼ਨ ਸਟੇਟਸ ਹਾਸਲ ਨਹੀਂ ਕਰ ਸਕੇ। ਭਾਵੇਂ ਅਤੀਤ ਵਿਚ ਅਜਿਹੇ ਲੋਕਾਂ ਲਈ ਪਾਰਟੀ ਹੱਦਾਂ ਤੋਂ ਉੱਪਰ ਉਠ ਕੇ ਬਿਲ ਲਿਆਂਦੇ ਗਏ ਪਰ ਕੋਈ ਪਾਸ ਨਾ ਕਰਵਾਇਆ ਜਾ ਸਕਿਆ। ਇੱਥੇ ਦੱਸਣਾ ਬਣਦਾ ਹੈ ਕਿ 1986 ਵਿਚ ਅਮਰੀਕੀ ਕਾਂਗਰਸ ਵੱਲੋਂ ਇਕ ਕਾਨੂੰਨ ਪਾਸ ਕਰਦਿਆਂ 27 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚ ਰਹਿਣ ਦੀ ਇਜਾਜ਼ਤ ਦਿਤੀ ਗਈ ਸੀ। ਹਾਲਾਂਕਿ ਬਰਾਕ ਓਬਾਮਾ ਵੱਲੋਂ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਹੱਕ ਵਿਚ ਕਾਰਜਕਾਰੀ ਹੁਕਮ ਜਾਰੀ ਕੀਤੇ ਗਏ ਪਰ ਅਦਾਲਤੀ ਅੜਿੱਕਿਆਂ ਕਾਰਨ ਉਨ੍ਹਾਂ ਨੂੰ ਲਾਗੂ ਨਾ ਕੀਤਾ ਜਾ ਸਕਿਆ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਜਲਦ ਰੂਸ 'ਚ ਬਿਨਾਂ ਵੀਜ਼ਾ ਲੈ ਸਕਣਗੇ ਐਂਟਰੀ

ਦੂਜੇ ਪਾਸੇ ਬਾਈਡੇਨ ਸਰਕਾਰ ਦੀ ਤਜਵੀਜ਼ਸ਼ੁਦਾ ਯੋਜਨਾ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਗ਼ਲਤੀ ਸਾਬਤ ਹੋਵੇਗੀ। ਟਰੰਪ ਦੇ ਕਾਰਜਕਾਲ ਦੌਰਾਨ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਪਾਲਿਸੀ ਚੀਫ ਰਹੇ ਰੌਬਰਟ ਲਾਅ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਪੈਰੋਲ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂਕਿ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਲਾਭ ਮਿਲ ਸਕੇ ਜਦਕਿ ਕਾਂਗਰਸ ਵੱਲੋਂ ਅਜਿਹਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ। ਪਰ 2010 ਤੋਂ ਅਮਰੀਕੀ ਫੌਜ ਵਿਚ ਭਰਤੀ ਲੋਕਾਂ ਨੂੰ ਛੋਟ ਮਿਲੀ ਹੋਈ ਹੈ ਕਿ ਜੇ ਉਹ ਗੈਰਕਾਨੂੰਨੀ ਪ੍ਰਵਾਸੀ ਨਾਲ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਜੀਵਨ ਸਾਥੀ ਅਮਰੀਕੀ ਨਾਗਰਿਕ ਬਣਨ ਦਾ ਹੱਕਦਾਰ ਹੈ। ਇਸੇ ਦੌਰਾਨ ਇਮੀਗ੍ਰੇਸ਼ਨ ਵਕੀਲ ਅਤੇ ਸੇਵਾ ਮੁਕਤ ਫੌਜੀ ਅਫਸਰ ਮਾਰਗ੍ਰੇਟ ਸਟੌਕ ਨੇ ਆਖਿਆ ਕਿ ਫੌਜੀ ਪਰਿਵਾਰਾਂ ਲਈ ਇਹ ਕਦਮ ਬੇਹੱਦ ਲਾਹੇਵੰਦ ਸਾਬਤ ਹੋਇਆ ਹੈ। ਕਿਸੇ ਫੌਜੀ ਨਾਲ ਵਿਆਹ ਕਰਵਾਉਣ ਵਾਲੇ ਗੈਰਕਾਨੂੰਨੀ ਪ੍ਰਵਾਸੀ ਇਮੀਗ੍ਰੇਸ਼ਨ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਗਰੀਨ ਕਾਰਡ ਉਨ੍ਹਾਂ ਦੀ ਜੇਬ ਵਿਚ ਆ ਜਾਂਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News