ਅਮਰੀਕਾ ’ਚ ਪ੍ਰਵਾਸੀਆਂ ਦੀ ਗ਼ੈਰ-ਕਾਨੂੰਨੀ ਘੁਸਪੈਠ ਜਾਰੀ, ਅਗਸਤ ’ਚ ਗ੍ਰਿਫ਼ਤਾਰ ਹੋਏ ਲੋਕਾਂ ਦੇ ਅੰਕੜੇ ਕਰਨਗੇ ਹੈਰਾਨ

Wednesday, Sep 20, 2023 - 11:34 AM (IST)

ਜਲੰਧਰ (ਇੰਟ.)– ਅਮਰੀਕਾ ਦੀ ਸਰਹੱਦ ’ਤੇ ਸੈਂਕੜੇ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ਜਾਰੀ ਹੈ। ਹੁਣੇ ਜਿਹੇ ਮਾਲਵਾਹਕ ਟਰੇਨ ’ਚ ਸੈਂਕੜੇ ਪ੍ਰਵਾਸੀਆਂ ਦੀ ਅਮਰੀਕਾ ਦੀ ਹੱਦ ਨੂੰ ਪਾਰ ਕਰਦਿਆਂ ਇਕ ਵੀਡੀਓ ਵਾਇਰਲ ਹੋਈ ਸੀ। ‘ਫਾਕਸ ਨਿਊਜ਼’ ਵਲੋਂ ਪੋਸਟ ਕੀਤੀ ਗਈ ਫੁਟੇਜ ’ਚ ਫੇਰੋਮੈਕਸ ਟਰੇਨ ਨੂੰ ਮੱਧ ਮੈਕਸੀਕਨ ਸ਼ਹਿਰ ਜ਼ਾਕਾਟੇਕਾਸ ਤੋਂ ਲੰਘਦਿਆਂ ਵਿਖਾਇਆ ਗਿਆ ਹੈ, ਜੋ ਅਮਰੀਕਾ ਦੀ 750 ਮੀਲ ਲੰਮੀ ਯਾਤਰਾ ’ਤੇ ਉੱਤਰ ਵੱਲ ਵਧ ਰਹੀ ਸੀ।

ਇਸ ਤੋਂ ਬਾਅਦ ਅਮਰੀਕਾ ’ਚ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ’ਤੇ ਬਹਿਸ ਸ਼ੁਰੂ ਹੋ ਗਈ ਹੈ। ‘ਵਾਸ਼ਿੰਗਟਨ ਪੋਸਟ’ ਦੇ ਅੰਕੜਿਆਂ ਅਨੁਸਾਰ ਅਮਰੀਕੀ ਸਰਹੱਦ ’ਤੇ ਗਸ਼ਤ ਕਰਨ ਵਾਲੇ ਅਧਿਕਾਰੀਆਂ ਨੇ ਅਗਸਤ ’ਚ ਸਰਹੱਦ ਪਾਰ ਕਰਨ ਵਾਲੇ ਘੱਟੋ-ਘੱਟ 91 ਹਜ਼ਾਰ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀ ਸਰਕਾਰ ਤਹਿਤ ਮਈ 2019 ’ਚ ਗ੍ਰਿਫ਼ਤਾਰ ਕੀਤੇ ਗਏ 84,486 ਪ੍ਰਵਾਸੀ ਪਰਿਵਾਰਾਂ ਦਾ ਇਹ ਰਿਕਾਰਡ ਹੁਣ ਟੁੱਟ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡੀਅਨ ਸੂਬੇ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਨਵਾਂ ਜਿਨਸੀ ਸਿੱਖਿਆ ਪਾਠਕ੍ਰਮ ਕੀਤਾ ਰੱਦ

ਸੈਂਕੜੇ ਲੋਕਾਂ ਨਾਲ ਭਰੇ ਪਏ ਸਨ ਮਾਲਵਾਹਕ ਟਰੇਨ ਦੇ ਡੱਬੇ
ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਮਾਲਵਾਹਕ ਟਰੇਨ ਦੇ ਡੱਬੇ ਸੈਂਕੜੇ ਲੋਕਾਂ ਨਾਲ ਖਚਾਖਚ ਭਰੇ ਹੋਏ ਸਨ ਤੇ ਲੋਕ ਜਿੱਤ ਦੇ ਨਾਅਰੇ ਲਾ ਰਹੇ ਸਨ। ਕੁਝ ਲੋਕ ਤਾੜੀਆਂ ਤੇ ਸੀਟੀਆਂ ਵਜਾ ਕੇ ਖ਼ੁਸ਼ੀ ਜ਼ਾਹਿਰ ਕਰ ਰਹੇ ਸਨ। ਕੁਝ ਡੱਬਿਆਂ ਦੇ ਕਿਨਾਰਿਆਂ ’ਤੇ ਵੀ ਲਟਕੇ ਹੋਏ ਸਨ ਤੇ ਕੈਮਰੇ ਵੱਲ ਹੱਥ ਹਿਲਾ ਰਹੇ ਸਨ।

‘ਫਾਕਸ ਨਿਊਜ਼’ ਦੇ ਗ੍ਰਿਫ ਜੇਨਕਿੰਸ ਵਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਇਹ ਫੁਟੇਜ ਤੇਜ਼ੀ ਨਾਲ ਵਾਇਰਲ ਹੋਈ, ਜਿਨ੍ਹਾਂ ਲਿਖਿਆ ਸੀ ਕਿ ਪ੍ਰਵਾਸੀ ‘ਸਪੱਸ਼ਟ ਤੌਰ ’ਤੇ ਉਸ ਸੁਨੇਹੇ ਵੱਲ ਧਿਆਨ ਨਹੀਂ ਦੇ ਰਹੇ ਸਨ, ਜਿਸ ’ਚ ਕਿਹਾ ਗਿਆ ਸੀ ਕਿ ਇਥੇ ਨਾ ਆਓ। ਉਹ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਜ਼ਿਕਰ ਕਰ ਰਹੇ ਸਨ, ਜਿਨ੍ਹਾਂ ਨੇ ਜੂਨ ’ਚ ਗੁਆਟੇਮਾਲਾ ਦੇ ਪ੍ਰਵਾਸੀਆਂ ਨੂੰ ਕਿਹਾ ਸੀ ਕਿ ‘ਨਾ ਆਓ, ਨਾ ਆਓ’। ਉਨ੍ਹਾਂ ਕਿਹਾ ਸੀ ਕਿ ਸੰਯੁਕਤ ਰਾਜ ਅਮਰੀਕਾ ਸਾਡੇ ਕਾਨੂੰਨਾਂ ਨੂੰ ਲਾਗੂ ਕਰਨਾ ਜਾਰੀ ਰੱਖੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News