ਜੇਕਰ ਹੁਣੇ ਕਰਵਾਈਆਂ ਜਾਣ ਵੋਟਾਂ ਤਾਂ ਹਾਰ ਜਾਣਗੇ ਟਰੂਡੋ

10/02/2019 12:36:38 AM

ਟੋਰਾਂਟੋ— ਕੈਨੇਡਾ 'ਚ ਫੈਡਰਲ ਚੋਣਾਂ ਨੇੜੇ ਹਨ। ਸਿਰਫ 20 ਦਿਨ ਬਾਅਦ ਹੋਣ ਜਾ ਰਹੀਆਂ ਚੋਣਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੀਆਂ ਧੜਕਣਾਂ ਵਧਾਈਆਂ ਹੋਈਆਂ ਹਨ। ਅਜਿਹੇ 'ਚ ਹਾਲ ਹੀ 'ਚ ਕਰਵਾਏ ਗਏ ਸਰਵੇ ਨੇ ਲਿਬਰਲਾਂ ਨੂੰ ਚਿੰਤਾ 'ਚ ਪਾ ਦਿੱਤਾ, ਸਰਵੇ ਮੁਤਾਬਕ ਜੇਕਰ ਕੱਲ ਹੀ ਵੋਟਿੰਗ ਕਰਵਾਈ ਜਾਵੇ ਤਾਂ ਲਿਬਰਲ ਸੱਤਾ ਤੋਂ ਖੁੰਝ ਜਾਵੇਗੀ। ਤਾਜ਼ਾ ਜਾਰੀ ਹੋਏ ਇਪਸਸ ਦੇ ਸਰਵੇ 'ਚ ਕਿਹਾ ਗਿਆ ਹੈ ਕਿ ਇਕ ਵਾਰ ਫਿਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਲਿਬਰਲ ਪਾਰਟੀ ਤੋਂ ਅੱਗੇ ਨਿਕਲ ਗਈ ਹੈ।

PunjabKesari

ਇਹ ਐਗਜ਼ਿਟ ਪੋਲ ਜੋ ਕਿ ਗਲੋਬਲ ਨਿਊਜ਼ ਵਲੋਂ ਕਰਵਾਇਆ ਗਿਆ ਹੈ, 'ਚ ਕਿਹਾ ਗਿਆ ਹੈ ਕਿ ਜੇਕਰ ਕੱਲ ਹੀ ਵੋਟਾਂ ਕਰਵਾਈਆਂ ਜਾਣ ਤਾਂ 37 ਫੀਸਦੀ ਲੋਕ ਐਂਡ੍ਰਿਊ ਸ਼ੀਅਰ ਦੀ ਪਾਰਟੀ ਨੂੰ ਵੋਟਾਂ ਪਾਉਣਗੇ, ਜਿਸ ਨਾਲ ਲਿਬਰਲ ਆਗੂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੂਡੋ ਦੇ ਬਲੈਕਫੇਸ ਵਿਵਾਦ ਤੋਂ 2 ਹਫਤੇ ਬਾਅਦ ਪੋਲ 'ਚ ਕਿਹਾ ਗਿਆ ਹੈ ਕਿ 34 ਫੀਸਦੀ ਲੋਕ ਅਜੇ ਵੀ ਲਿਬਰਲ ਪਾਰਟੀ ਦੇ ਹੱਕ 'ਚ ਹਨ, ਜੋ ਕਿ ਬੀਤੇ ਸਰਵੇ ਤੋਂ 2 ਅੰਕ ਜ਼ਿਆਦਾ ਹਨ, ਜਦਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਆਪਣੇ 15 ਅੰਕਾਂ 'ਤੇ ਕਾਇਮ ਹਨ।

ਇਸ ਦੌਰਾਨ ਇਪਸਸ ਸਰਵੇ ਦੇ ਪ੍ਰਧਾਨ ਡੈਰਲ ਬ੍ਰਿਕਰ ਨੇ ਕਿਹਾ ਕਿ ਇਹ ਅਸਲ 'ਚ ਦੋ ਘੋੜਿਆਂ ਦੀ ਦੌੜ ਹੈ ਤੇ ਮੌਜੂਦਾ ਸਮੇਂ 'ਚ ਕੰਜ਼ਰਵੇਟਿਵ ਲਿਬਰਲਾਂ ਤੋਂ ਅੱਗੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਲਿਬਰਲ ਕੰਜ਼ਵੇਟਿਵਸ ਤੋਂ ਪਿੱਛੇ ਹਨ। ਇਸ ਸਰਵੇ 'ਚ ਗ੍ਰੀਨ ਪਾਰਟੀ 7 ਅੰਕਾਂ ਨਾਲ ਚੌਥੇ ਨੰਬਰ 'ਤੇ, ਬਲੋਕ ਕਿਊਬਿਕਨ 5 ਅੰਕਾਂ ਨਾਲ ਪੰਜਵੇਂ ਨੰਬਰ 'ਤੇ ਅਤੇ ਪੀਪੀਸੀ ਪਾਰਟੀ 2 ਅੰਕਾਂ ਨਾਲ 6ਵੇਂ ਨੰਬਰ 'ਤੇ ਹੈ।


Sunny Mehra

Content Editor

Related News