ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਨੇ ਯੂਕਰੇਨ ''ਤੇ ਹਮਲਾ ਕੀਤਾ ਤਾਂ ਰੋਕ ਦਿੱਤੀ ਜਾਵੇਗੀ ਗੈਸ ਪਾਈਪਲਾਈਨ
Tuesday, Feb 08, 2022 - 06:43 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਅਹਿਮ ਗੈਸ ਪਾਈਪਲਾਈਨ 'ਨੌਰਡ ਸਟ੍ਰੀਮ 2' ਨੂੰ ਰੋਕ ਦਿੱਤਾ ਜਾਵੇਗਾ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਿਰਫ਼ ਅਮਰੀਕਾ ਅਤੇ ਉਨ੍ਹਾਂ ਦੇ ਸਹਿਯੋਗੀ ਹੀ ਹਮਲੇ ਦੀਆਂ ਗੱਲਾਂ ਕਰ ਰਹੇ ਹਨ। ਪੁਤਿਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਮਾਸਕੋ ਵਿੱਚ ਪੰਜ ਤੋਂ ਵੱਧ ਘੰਟਿਆਂ ਤੱਕ ਮੁਲਾਕਾਤ ਕੀਤੀ।
ਇਸੇ ਦੌਰਾਨ ਬਾਈਡੇਨ ਅਤੇ ਸ਼ੋਲਜ਼ ਨੇ ਯੂਕਰੇਨ ਦੇ ਸੰਕਟ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਦੇ ਤਹਿਤ ਵਾਈਟ ਹਾਊਸ ਵਿੱਚ ਗੱਲਬਾਤ ਕੀਤੀ। ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਹਜ਼ਾਰਾਂ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਹੈ ਅਤੇ ਉਹ ਲਗਭਗ ਰੋਜ਼ਾਨਾ ਆਪਣੀ ਫੌਜ ਨੂੰ ਮਜ਼ਬੂਤ ਕਰ ਰਿਹਾ ਹੈ। ਬਾਈਡੇਨ ਨੇ ਕਿਹਾ ਕਿ ਜੇਕਰ ਰੂਸ ਹਮਲਾ ਕਰਦਾ ਹੈ ਮਤਲਬ ਜੇਕਰ ਟੈਂਕਰ ਅਤੇ ਬਲ ਫਿਰ ਤੋਂ ਯੂਕਰੇਨ ਦੀ ਸਰਹੱਦ ਪਾਰ ਕਰਦੇ ਹਨ ਤਾਂ (ਰੂਸ ਤੋਂ ਜਰਮਨੀ ਦੇ ਵਿਚਕਾਰ) ਨੌਰਡ ਸਟ੍ਰੀਮ 2 ਨਹੀਂ ਰਹੇਗੀ। ਅਸੀਂ ਇਸ ਨੂੰ ਰੋਕ ਦੇਵਾਂਗੇ। ਇਸ ਨਾਲ ਨਾ ਸਿਰਫ਼ ਰੂਸ ਨੂੰ ਆਰਥਿਕ ਨੁਕਸਾਨ ਹੋਵੇਗਾ ਸਗੋਂ ਜਰਮਨੀ ਦੀਆਂ ਵੀ ਮੁਸ਼ਕਲਾਂ ਵਧਣਗੀਆਂ। ਪਾਈਪਲਾਈਨ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਪਰ ਇਸ ਨੂੰ ਹਾਲੇ ਚਾਲੂ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸੰਸਦ ਮੈਂਬਰ ਵੱਲੋਂ ਭਾਰਤੀ-ਅਮਰੀਕੀ ਹਿਮਾਂਸ਼ੁ ਕ੍ਰਿਪਟੋ ਸਬੰਧੀ ਮਾਮਲਿਆਂ ਦਾ ਸਲਾਹਕਾਰ ਨਿਯੁਕਤ
ਬਾਈਡੇਨ ਨੇ ਕਿਹਾ ਕਿ ਅਸੀਂ ਸਾਰੇ ਤਿਆਰ ਹਾਂ, ਪੂਰਾ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਤਿਆਰ ਹੈ। ਬਾਈਡੇਨ ਨੇ ਦ੍ਰਿੜ੍ਹਤਾ ਨਾਲ ਦੁਹਰਾਇਆ ਕਿ ਪਾਈਪਲਾਈਨ ਨੂੰ ਰੋਕ ਦਿੱਤਾ ਜਾਵੇਗਾ ਜਦਕਿ ਸ਼ੋਲਜ਼ ਨੇ ਸੰਕਟ ਨੂੰ ਘੱਟ ਕਰਨ ਲਈ ਰੂਸ 'ਤੇ ਦਬਾਅ ਪਾਉਣ ਦੀ ਖਾਤਿਰ ਰੋਕਾਂ ਵਿਚ ਕੁਝ ਅਸਪਸ਼ਟਤਾ ਰੱਖਣ ਦੀ ਲੋੜ ਨੂੰ ਬਲ ਦਿੱਤਾ। ਸ਼ੋਲਜ ਨੇ ਕਿਹਾ ਕਿ ਰੂਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਸ ਨੇ ਜੋ ਸੋਚਿਆ ਹੈ, ਇਸ ਤੋਂ ਵੀ ਜ਼ਿਆਦਾ ਬੁਰਾ ਹੋ ਸਕਦਾ ਹੈ। ਇਸ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਰੂਸ ਦੇ ਫ਼ੌਜੀ ਖਤਰੇ ਵਿਚਕਾਰ ਜ਼ਰੂਰੀ ਡਿਪਲੋਮੈਟਾਂ ਨੂੰ ਛੱਡ ਕੇ ਹੋਰ ਅਮਰੀਕੀਆਂ ਲਈ ਯੂਕਰੇਨ ਨੂੰ ਛੱਡ ਦੇਣਾ ਸਮਝਦਾਰੀ ਹੋਵੇਗੀ। ਬਾਈਡੇਨ ਨੇ ਵਾਈਟ ਹਾਊਸ ਵਿੱਚ ਸ਼ੋਲਜ਼ ਦੇ ਨਾਲ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਇਹ ਟਿੱਪਣੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ -ਖੁਸ਼ਖ਼ਬਰੀ : ਹੁਣ ਬਹਿਰੀਨ ਵੀ ਦੇਵੇਗਾ 'ਗੋਲਡਨ ਵੀਜ਼ਾ', ਹੋਣੀ ਚਾਹੀਦੀ ਹੈ ਇਹ ਯੋਗਤਾ
ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਯੂਕਰੇਨ ਵਿਚ ਕੰਮ ਕਰ ਰਹੇ ਆਪਣੇ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਉੱਥੋਂ ਪਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਰਾਜਨੀਤਕਾਂ ਦੇ ਪਰਿਵਾਰਾਂ ਨੂੰ ਵੀ ਪਰਤਣ ਦੀ ਅਪੀਲ ਕੀਤੀ ਹੈ। ਯੂਕਰੇਨ ਦੇ ਨੇੜੇ ਲਗਭਗ ਇੱਕ ਲੱਖ ਰੂਸੀ ਬਲਾਂ ਦੀ ਤਾਇਨਾਤੀ ਨੇ ਪੱਛਮੀ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ, ਜੋ ਇਸ ਨੂੰ ਸੰਭਾਵਿਤ ਹਮਲੇ ਦੀ ਸ਼ੁਰੂਆਤ ਦੇ ਤੌਰ 'ਤੇ ਦੇਖ ਰਹੇ ਹਨ। ਹਾਲਾਂਕਿ, ਰੂਸ ਨੇ ਆਪਣੇ ਗੁਆਂਢੀ ਦੇਸ਼ 'ਤੇ ਹਮਲੇ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ ਪਰ ਉਹ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ 'ਤੇ ਯੂਕਰੇਨ ਜਾਂ ਕਿਸੇ ਹੋਰ ਸਾਬਕਾ-ਸੋਵੀਅਤ ਦੇਸ਼ ਨੂੰ ਨਾਟੋ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਦਬਾਅ ਬਣਾ ਰਿਹਾ ਹੈ। ਰੂਸ ਨੇ ਖੇਤਰ ਵਿੱਚ ਹਥਿਆਰਾਂ ਦੀ ਤਾਇਨਾਤੀ ਰੋਕਣ ਅਤੇ ਪੂਰਬੀ ਯੂਰਪ ਤੋਂ ਨਾਟੋ ਬਲਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ। ਅਮਰੀਕਾ ਅਤੇ ਨਾਟੋ ਨੇ ਰੂਸ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।