ਬਾਈਡੇਨ ਦੀ ਚਿਤਾਵਨੀ, ਜੇਕਰ ਰੂਸ ਯੂਕਰੇਨ ''ਤੇ ਹਮਲਾ ਕਰਦਾ ਹੈ ਤਾਂ ਹੋਵੇਗੀ ਨਿਰਣਾਇਕ ਕਾਰਵਾਈ
Monday, Jan 03, 2022 - 10:37 AM (IST)
 
            
            ਵਿਲਮਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਲਈ ਨਵੀਂ ਚਿਤਾਵਨੀ ਜਾਰੀ ਕੀਤੀ ਹੈ।ਬਾਈਡੇਨ ਨੇ ਸੋਮਵਾਰ ਨੂੰ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਰੂਸੀ ਫ਼ੌਜਾਂ ਦੀ ਮੌਜੂਦਗੀ ਨੂੰ ਵਧਾਉਣ ਬਾਰੇ ਯੂਕਰੇਨ ਦੇ ਨੇਤਾ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਵਾਅਦਾ ਕੀਤਾ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ "ਨਿਰਣਾਇਕ" ਕਾਰਵਾਈ ਕਰਨਗੇ।
ਬਾਈਡੇਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨੇ ਅਜਿਹੇ ਸਮੇਂ 'ਤੇ ਫੋਨ 'ਤੇ ਗੱਲ ਕੀਤੀ ਹੈ, ਜਦੋਂ ਅਮਰੀਕਾ ਅਤੇ ਇਸਦੇ ਪੱਛਮੀ ਸਹਿਯੋਗੀ ਸੰਕਟ ਨੂੰ ਘੱਟ ਕਰਨ ਲਈ ਕਈ ਕੂਟਨੀਤਕ ਮੀਟਿੰਗਾਂ ਦੀ ਤਿਆਰੀ ਕਰ ਰਹੇ ਹਨ। ਉੱਥੇ ਰੂਸ ਨੇ ਕਿਹਾ ਹੈ ਕਿ ਇਹ ਸੰਕਟ ਅਮਰੀਕਾ ਨਾਲ ਸਬੰਧਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬਾਈਡੇਨ ਅਤੇ ਜ਼ੇਲੇਨਸਕੀ ਵਿਚਾਲੇ ਗੱਲਬਾਤ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਸਪੱਸ਼ਟ ਕੀਤਾ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਅਤੇ ਭਾਈਵਾਲ ਨਿਰਣਾਇਕ ਕਾਰਵਾਈ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰੱਖਿਆ ਮੰਤਰੀ ਆਸਟਿਨ ਪਾਏ ਗਏ ਕੋਰੋਨਾ ਪਾਜ਼ੇਟਿਵ
ਸਾਕੀ ਨੇ ਕਿਹਾ ਕਿ ਬਾਈਡੇਨ ਨੇ ਆਪਣੇ ਸਿਧਾਂਤ 'ਤੇ ਜ਼ੋਰ ਦਿੱਤਾ "ਤੁਹਾਡੇ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ", ਭਾਵ ਉਹ ਆਪਣੇ ਸਹਿਯੋਗੀਆਂ ਦੀ ਸਲਾਹ ਤੋਂ ਬਿਨਾਂ ਯੂਰਪ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਨੀਤੀ 'ਤੇ ਚਰਚਾ ਨਹੀਂ ਕਰਨਗੇ। ਬਾਈਡੇਨ ਨੇ ਕਿਹਾ ਕਿ ਜੇਕਰ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਤਾਂ ਉਸ 'ਤੇ ਆਰਥਿਕ ਪਾਬੰਦੀਆਂ ਲਗਾਈਆਂ ਜਾਣਗੀਆਂ, ਹਾਲਾਂਕਿ ਉਹਨਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਮਰੀਕੀ ਫ਼ੌਜੀ ਕਾਰਵਾਈ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            