ਗਾਜ਼ਾ ’ਚ ਹਮਾਸ ਖਿਲਾਫ ‘ਜ਼ਮੀਨ ਤੋਂ ਉੱਪਰ ਤੇ ਹੇਠਾਂ’ IDF ਦੀ ਮੁਹਿੰਮ ਸ਼ੁਰੂ
Saturday, Aug 10, 2024 - 09:19 AM (IST)
ਗਾਜ਼ਾ- ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਗਾਜ਼ਾ ਪੱਟੀ ’ਚ ਹਮਾਸ ਦੀਆਂ ਸਮਰੱਥਾਵਾਂ ਨੂੰ ਘੱਟ ਕਰਨ ਲਈ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ’ਚ ਇਕ ਮੁਹਿੰਮ ਸ਼ੁਰੂ ਕੀਤੀ ਹੈ। ਆਈ. ਡੀ. ਐੱਫ. ਨੇ ਵੀਰਵਾਰ ਨੂੰ ਖਾਨ ਯੂਨਿਸ ਦੇ ਪੂਰਬੀ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਦਾ ਹੁਕਮ ਦਿੱਤਾ। ਫੌਜ ਨੇ ਕਿਹਾ ਕਿ ਇਹ ਕਦਮ ਸ਼ਹਿਰ ਤੋਂ ਇਕ ਰਾਕੇਟ ਲਾਂਚ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।
ਆਈ. ਡੀ. ਐੱਫ. ਨੇ ਟੈਲੀਗ੍ਰਾਮ ’ਤੇ ਕਿਹਾ ਕਿ ਦੱਖਣੀ ਗਾਜ਼ਾ ’ਚ ਖਾਨ ਯੂਨਿਸ ਖੇਤਰ ’ਚ ਅੱਤਵਾਦੀ ਅਤੇ ਅੱਤਵਾਦੀ ਬੁਨਿਆਦੀ ਢਾਂਚਾ ਹੋਣ ਦੀ ਖੁਫੀਆ ਜਾਣਕਾਰੀ ਤੋਂ ਬਾਅਦ ਅਤੇ ਗਾਜ਼ਾ ਪੱਟੀ ’ਚ ਅੱਤਵਾਦੀ ਸੰਗਠਨਾਂ ਦੀ ਸਮਰੱਥਾ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਆਈ. ਡੀ. ਐੱਫ. ਦੀ 98ਵੀਂ ਡਵੀਜ਼ਨ ਨੇ ਖਾਨ ਯੂਨਿਸ ਖੇਤਰ ’ਚ ਮੁਹਿੰਮ ਸ਼ੁਰੂ ਕੀਤੀ ਹੈ।
ਉਸ ਨੇ ਕਿਹਾ ਹੈ ਕਿ ਹਮਾਸ ਲੜਾਕਿਆਂ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਦੇ ਹਥਿਆਰ ਅਤੇ ਬੁਨਿਆਦੀ ਢਾਂਚੇ ਦਾ ਪਤਾ ਲਾਉਣ ਲਈ ‘ਜ਼ਮੀਨ ਦੇ ਉੱਪਰ ਅਤੇ ਹੇਠਾਂ’ ਦੋਵੇਂ ਪਾਸੇ ਮੁਹਿੰਮ ਚਲਾਈ ਜਾਵੇਗੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਜ਼ਮੀਨੀ ਕਾਰਵਾਈ ਦੇ ਨਾਲ-ਨਾਲ ਇਜ਼ਰਾਈਲੀ ਹਵਾਈ ਫੌਜ ਨੇ ਖਾਨ ਯੂਨਸ ’ਚ ਹਮਾਸ ਦੇ ਹਥਿਆਰ ਭੰਡਾਰਨ ਸਹੂਲਤਾਂ ਅਤੇ ਅੱਤਵਾਦੀ ਇਕੱਠੇ ਹੋਣ ਵਾਲੇ ਖੇਤਰਾਂ ਸਮੇਤ 30 ਤੋਂ ਵੱਧ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤੇ।
ਮੱਧ ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ’ਚ 15 ਫਿਲਸਤੀਨੀਆਂ ਦੀ ਮੌਤ
ਗਾਜ਼ਾ : ਮੱਧ ਗਾਜ਼ਾ ਪੱਟੀ ਦੇ ਅਲ-ਬੁਰੀਜ ਸ਼ਰਨਾਰਥੀ ਕੈਂਪ ਦੇ ਰਿਹਾਇਸ਼ੀ ਖੇਤਰ ’ਤੇ ਇਜ਼ਰਾਈਲੀ ਹਵਾਈ ਹਮਲੇ ’ਚ ਘੱਟੋ-ਘੱਟ 15 ਫਿਲਸਤੀਨੀ ਮਾਰੇ ਗਏ। ਇਹ ਜਾਣਕਾਰੀ ਫਿਲਸਤੀਨੀ ਮੈਡੀਕਲ ਸੂਤਰਾਂ ਨੇ ਦਿੱਤੀ। ਫਿਲਸਤੀਨੀ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਸਿਵਲ ਡਿਫੈਂਸ ਟੀਮ ਨੇ ਔਰਤਾਂ ਅਤੇ ਬੱਚਿਆਂ ਸਮੇਤ 15 ਫਿਲਸਤੀਨੀਆਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲਾਂ ’ਚ ਟਰਾਂਸਫਰ ਕਰ ਦਿੱਤਾ ਹੈ। ਗਾਜ਼ਾ ਸਥਿਤ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ 22 ਫਿਲਸਤੀਨੀ ਮਾਰੇ ਗਏ ਅਤੇ 77 ਹੋਰ ਜ਼ਖਮੀ ਹੋਏ, ਜਿਸ ਨਾਲ ਅਕਤੂਬਰ 2023 ’ਚ ਫਿਲਸਤੀਨ-ਇਜ਼ਰਾਈਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 39,699 ਹੋ ਗਈ ਹੈ ਅਤੇ 91,722 ਜ਼ਖਮੀ ਹੋਏ ਹਨ।