ਆਈਸਲੈਂਡ ਨੇ ਖਾਰਜ ਕੀਤਾ ਯੂਰਪੀਨ ਯੂਨੀਅਨ ’ਚ ਸ਼ਾਮਲ ਹੋਣ ਦਾ ਪ੍ਰਸਤਾਵ

Monday, Aug 31, 2026 - 03:46 PM (IST)

ਆਈਸਲੈਂਡ ਨੇ ਖਾਰਜ ਕੀਤਾ ਯੂਰਪੀਨ ਯੂਨੀਅਨ ’ਚ ਸ਼ਾਮਲ ਹੋਣ ਦਾ ਪ੍ਰਸਤਾਵ

ਰਿਕਜੇਵਿਕ (ਇੰਟ.)- ਆਈਸਲੈਂਡ ’ਚ ਇਕ ਦਹਾਕੇ ਤੋਂ ਸ਼ਾਂਤ ਪਿਆ ਯੂਰਪੀਨ ਯੂਨੀਅਨ (ਈ. ਯੂ.) ’ਚ ਸ਼ਾਮਲ ਹੋਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਦੇਸ਼ ਦੀ ਜਨਤਾ ਤੋਂ ਜਦੋਂ ਇਕ ਸਿੱਧੇ ਸਵਾਲ ਰਾਹੀਂ ਪੁੱਛਿਆ ਗਿਆ ਕਿ ਕੀ ਆਈਸਲੈਂਡ ਨੂੰ ਫਿਰ ਤੋਂ ਯੂਰਪੀਨ ਯੂਨੀਅਨ ’ਚ ਸ਼ਾਮਲ ਹੋਣ ਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਬਹੁਮਤ ਨੇ ਇਸ ਨੂੰ ਸਾਫ਼ ਤੌਰ ’ਤੇ ਖਾਰਜ ਕਰ ਦਿੱਤਾ।

ਰਿਪੋਰਟ ਅਨੁਸਾਰ, 52.8 ਫੀਸਦੀ ਲੋਕਾਂ ਨੇ ਇਸ ਪ੍ਰਸਤਾਵ ਖ਼ਿਲਾਫ਼ ਵੋਟ ਦਿੱਤੀ, ਜਦਕਿ 47.2 ਫੀਸਦੀ ਲੋਕਾਂ ਨੇ ਹੀ ਇਸ ਦਾ ਸਮਰਥਨ ਕੀਤਾ। ਹਾਲ ਹੀ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਂਢੀ ਗ੍ਰੀਨਲੈਂਡ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ, ਜਿਸ ਤੋਂ ਬਾਅਦ ਇਹ ਰਾਏਸ਼ੁਮਾਰੀ ਕਰਵਾਈ ਗਈ। ਗੱਲਬਾਤ ਦੌਰਾਨ ਟਰੰਪ ਨੇ ਗਲਤੀ ਨਾਲ ਚਾਰ ਵਾਰ ‘ਗ੍ਰੀਨਲੈਂਡ’ ਦੀ ਜਗ੍ਹਾ ‘ਆਈਸਲੈਂਡ’ ਦਾ ਨਾਂ ਲੈ ਲਿਆ ਸੀ।

ਇਸੇ ਬਿਆਨ ਅਤੇ ਸੁਰੱਖਿਆ ਦੀ ਚਿੰਤਾ ਨੂੰ ਦੇਖਦਿਆਂ 2024 ’ਚ ਚੁਣੀ ਗਈ ਆਈਸਲੈਂਡ ਦੀ ਖੱਬੇਪੱਖੀ ਗੱਠਜੋੜ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਰਾਏਸ਼ੁਮਾਰੀ ਨੂੰ ਇਸੇ ਸ਼ਨੀਵਾਰ ਨੂੰ ਕਰਵਾਉਣ ਦਾ ਫੈਸਲਾ ਕੀਤਾ। ਈ. ਯੂ. ਸਮਰਥਕਾਂ ਦਾ ਮੰਨਣਾ ਸੀ ਕਿ ਨਾਟੋ ਮੈਂਬਰ ਹੋਣ ਦੇ ਬਾਵਜੂਦ ਈ. ਯੂ. ਨਾਲ ਜੁੜਨ ਨਾਲ ਦੇਸ਼ ਨੂੰ ਅਮਰੀਕੀ ਧਮਕੀਆਂ ਅਤੇ ਸਿਆਸੀ ਦਬਾਅ ਦੇ ਖ਼ਿਲਾਫ਼ ਜ਼ਿਆਦਾ ਸੁਰੱਖਿਆ ਮਿਲੇਗੀ।

ਵੋਟਾਂ ਦੀ ਗਿਣਤੀ ’ਚ ਬਣਿਆ ਰਿਹਾ ਸਸਪੈਂਸ

ਸ਼ਨੀਵਾਰ ਨੂੰ ਲਗਭਗ 2 ਲੱਖ 65 ਹਜ਼ਾਰ ਯੋਗ ਵੋਟਰਾਂ ਸਾਹਮਣੇ ਕੇਵਲ ‘ਹਾਂ’ ਜਾਂ ‘ਨਾ’ ਦਾ ਬਦਲ ਸੀ। ਸ਼ਨੀਵਾਰ ਰਾਤ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤ ’ਚ ‘ਹਾਂ’ ਪੱਖ ਅੱਗੇ ਚੱਲ ਰਿਹਾ ਸੀ ਅਤੇ ਪੂਰੇ ਦੇਸ਼ ’ਚ ਸਸਪੈਂਸ ਬਣਿਆ ਹੋਇਆ ਸੀ। ਹਾਲਾਂਕਿ, ਤੜਕੇ ਸਵੇਰ ਤੱਕ ‘ਨਾ’ ਕਹਿਣ ਵਾਲੀਆਂ ਵੋਟਾਂ ਦੀ ਗਿਣਤੀ ਵਧਣ ਲੱਗੀ। ਸ਼ੁਰੂਆਤ ’ਚ ਦੋਵਾਂ ਪੱਖਾਂ ਵਿਚਕਾਰ ਸਿਰਫ਼ ਕੁੱਝ ਸੌ ਵੋਟਾਂ ਦਾ ਫ਼ਰਕ ਸੀ ਪਰ ਜਿਉਂ ਹੀ ਰਾਜਧਾਨੀ ਰੇਕਿਆਵਿਕ ਤੋਂ ਬਾਹਰਲੇ ਇਲਾਕਿਆਂ ਦੀਆਂ ਵੋਟਾਂ ਗਿਣੀਆਂ ਗਈਆਂ, ਵਿਰੋਧੀਆਂ ਦੀ ਲੀਡ ਮਜ਼ਬੂਤ ਹੁੰਦੀ ਚਲੀ ਗਈ।


author

cherry

Content Editor

Related News